ਜਲੰਧਰ-ਅਮਰੀਕਾ ਦੀ ਕੈਮੀਕਲ ਕੰਪਨੀ ਦਾ ਡਿਸਟ੍ਰੀਬਿਊਟਰ ਬਣਾਉਣ ਤੇ ਪੈਟਰੋਲ ਪੰਪ ਲੈ ਕੇ ਦੇਣ ਦਾ ਝਾਂਸਾ ਦੇ ਕੇ 5 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਗੁੱਜਾਪੀਰ ਰੋਡ ’ਤੇ ਸਥਿਤ ਐੱਸ.ਐੱਸ. ਕੈਮੀਕਲ ਫੈਕਟਰੀ ਦੇ ਮਾਲਕ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਥਾਣਾ ਨੰ. 8 ’ਚ ਪਰਚਾ ਦਰਜ ਹੋਇਆ ਹੈ। ਮੁਲਜ਼ਮਾਂ ਵਿਚ ਐੱਸ.ਐੱਸ. ਕੈਮੀਕਲ ਕੰਪਨੀ ਦੇ ਮਾਲਕ ਧਰੁਵ ਦੇਵ ਸ਼ਰਮਾ, ਉਸ ਦੇ ਭਰਾ, ਪੁੱਤਰਾਂ, ਭਤੀਜੇ, ਪਤਨੀ ਤੇ ਨੂੰਹ ਦਾ ਨਾਂ ਸ਼ਾਮਲ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਜੈਨ ਪੁੱਤਰ ਸੋਮ ਪ੍ਰਕਾਸ਼ ਜੈਨ ਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਐੱਸ.ਐੱਸ. ਕੈਮੀਕਲ ਦੇ ਮਾਲਕ ਧਰੁਵ ਦੇਵ ਸ਼ਰਮਾ ਨਿਵਾਸੀ ਨਿਊ ਸ਼ੰਕਰ ਗਾਰਡਨ ਕਾਲੋਨੀ ਨਾਲ ਹੋਈ। ਹੌਲੀ-ਹੌਲੀ ਧਰੁਵ ਦੇਵ ਸ਼ਰਮਾ ਨੇ ਆਪਣੇ ਭਰਾ ਸ਼ਾਂਤੀ ਸਵਰੂਪ ਸ਼ਰਮਾ, ਪੁੱਤਰਾਂ ਦੀਪਕ ਅਤੇ ਪ੍ਰਵੇਸ਼ ਸ਼ਰਮਾ ਅਤੇ ਭਤੀਜੇ ਹਰਦੇਸ਼ ਸ਼ਰਮਾ ਨਾਲ ਮੁਲਾਕਾਤਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਕਤ ਲੋਕਾਂ ਨੇ ਉਨ੍ਹਾਂ ਨਾਲ ਅਮਰੀਕਾ ਦੀ ਇਕ ਕੈਮੀਕਲ ਕੰਪਨੀ ਦੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿਣ ਲੱਗੇ ਕਿ ਉਨ੍ਹਾਂ ਨੇ ਅਮਰੀਕਾ ਦੀ ਕੈਮੀਕਲ ਕੰਪਨੀ ਦਾ ਮਾਲ ਵੇਚ ਕੇ ਕਾਫੀ ਪੈਸਾ ਕਮਾਇਆ ਹੈ ਅਤੇ ਜੇਕਰ ਉਹ ਉਕਤ ਕੰਪਨੀ ਦਾ ਡਿਸਟ੍ਰੀਬਿਊਟਰ ਬਣਦਾ ਹੈ ਤਾਂ ਉਸ ਨੂੰ ਵੀ ਕਾਫੀ ਲਾਭ ਹੋਵੇਗਾ। ਇਸ ਤੋਂ ਇਲਾਵਾ ਅਮਿਤ ਜੈਨ ਨੂੰ ਵੀ ਪੈਟਰੋਲ ਪੰਪ ਦਿਖਾ ਕੇ ਉਸ ਨਾਲ ਸੌਦਾ ਕਰਵਾ ਕੇ ਲਾਭ ਲੈਣ ਦਾ ਲਾਲਚ ਦਿੱਤਾ ਗਿਆ।