ਇੱਕ ਮਾਮਲਾ ਫ਼ਿਰੋਜ਼ਪੁਰ ਦੇਹਾਤੀ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਪੰਭਾ ਲੱਡਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਨੂੰਹ ਨੇ ਆਪਣੇ ਪ੍ਰੇਮੀ ਅਤੇ ਸਾਥੀ ਨਾਲ ਮਿਲ ਕੇ ਆਪਣੇ ਹੀ ਸਹੁਰੇ ਦਾ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਤਾਂ ਕਿ ਲਾਸ਼ ਨੂੰ ਖੁਰਦ ਬੁਰਦ ਕੀਤਾ ਜਾ ਸਕੇ। ਉਧਰ ਬਲਵਿੰਦਰ ਸਿੰਘ ਦਾ ਕੋਈ ਸੁਰਾਗ ਨਾ ਮਿਲਣ ’ਤੇ ਭਰਾ ਆਤਮਾ ਸਿੰਘ ਨੇ ਪੁਲਿਸ ਨੂੰ ਉਸ ਦੇ ਭਰਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਅਤੇ ਜਦੋਂ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਵੱਖਰਾ ਹੀ ਮਾਮਲਾ ਨਿਕਲਿਆ।
ਜਦੋਂ ਫਿਰੋਜ਼ਪੁਰ ਦੇ ਥਾਣਾ ਘੱਲਖੁਰਦ ਦੀ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲਾਪਤਾ ਬਲਵਿੰਦਰ ਸਿੰਘ ਦੀ ਨੂੰਹ ਅਮਨਦੀਪ ਕੌਰ ਦੇ ਫਰੀਦਕੋਟ ਜੇਲ ‘ਚ ਬੰਦ ਗੌਰਵ ਉਰਫ ਗੋਰਾ ਨਾਲ ਨਾਜਾਇਜ਼ ਸਬੰਧ ਸਨ। ਜੇਲ੍ਹ ਵਿੱਚ ਬੈਠ ਕੇ ਹੀ ਗੌਰਵ ਨੇ ਆਪਣੇ ਸਾਥੀ ਬੋਹੜ ਸਿੰਘ ਅਤੇ ਪ੍ਰੇਮਿਕਾ ਅਮਨਦੀਪ ਕੌਰ ਨਾਲ ਮਿਲ ਕੇ ਬਲਵਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ। ਇਸ ਤੋਂ ਬਾਅਦ ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸੇ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੂੰਹ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਕਰਨ ‘ਤੇ ਸਾਰਾ ਮਾਮਲਾ ਸਾਹਮਣੇ ਆਇਆ। ਇਸ ਦੇ ਨਾਲ ਹੀ ਪੁਲਿਸ ਨੇ ਉਸ ਦੇ ਸਾਥੀ ਗੌਰਵ ਉਰਫ਼ ਗੋਰਾ ਅਤੇ ਸਾਥੀ ਬੋਹੜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।