ਮੋਹਾਲੀ ‘ਚ ਐਤਵਾਰ ਤੜਕਸਾਰ ਭੇਦਭਰੀ ਹਾਲਤ ’ਚ ਖੂਨ ਨਾਲ ਲਥਪਥ ਇਕ ਨੌਜਵਾਨ ਦੀ ਲਾਸ਼ ਪਈ ਮਿਲੀ। ਘਟਨਾ ਖਰੜ ਦੀ ਦਰਪਨ ਸਿਟੀ ਸੁਸਾਇਟੀ ਦੀ ਦੱਸੀ ਜਾ ਰਹੀ ਹੈ ਜਿੱਥੇ ਮ੍ਰਿਤਕ ਦੀ ਪਹਿਚਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਤੁਸ਼ਾਰ ਵਜੋਂ ਹੋਈ ਹੈ। ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਬਾਕ ਨੌਜਵਾਨ ਤੁਸ਼ਾਰ ਮੋਹਾਲੀ ਦੇ ਇੱਕ ਕੈਫੇ ਹਾਊਸ ਵਿੱਚ ਕੰਮ ਕਰਦਾ ਸੀ। ਹਾਲਾਂਕਿ ਇਹ ਤਾਂ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤੁਸ਼ਾਰ ਦਾ ਕਤਲ ਕਿਵੇਂ ਤੇ ਕਿਉਂ ਕੀਤਾ ਗਿਆ। ਪਰ ਪੁਲਿਸ ਨੇ ਘਟਨਾ ਦੀ ਜਾਂਚ ਲਈ ਸੁਸਾਇਟੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
ਦਰਅਸਲ ਨੌਜਵਾਨ ਤੁਸ਼ਾਰ ਐਤਵਾਰ ਸਵੇਰੇ ਆਪਣੇ ਕੈਫੇ ’ਤੇ ਨਹੀਂ ਪਹੁੰਚਿਆ ਤੇ ਜਦੋਂ ਕੈਫੇ ਦੇ ਹੋਰ ਕਰਮਚਾਰੀ ਉਸ ਨੂੰ ਦੇਖਣ ਲਈ ਸੁਸਾਇਟੀ ‘ਚ ਆਏ ਤਾਂ ਤੁਸ਼ਾਰ ਦੀ ਲਾਸ਼ ਘਰ ਦੇ ਕਮਰੇ ‘ਚ ਪਾਈ ਗਈ। ਉਸ ਦੇ ਸਿਰ ‘ਤੇ ਸੱਟ ਲੱਗੀ ਸੀ ਅਤੇ ਖੂਨ ਵਹਿ ਰਿਹਾ ਸੀ। ਮੰਜੇ ‘ਤੇ ਪਏ ਸਿਰਹਾਣੇ ‘ਤੇ ਵੀ ਖੂਨ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਕਰਮਚਾਰੀਆਂ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਸ ਦੇ ਨਾਲ ਹੀ ਘਟਨ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਨੌਜਵਾਨ ਦਾ ਵੇਰਵਾ ਜਾਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਘਟਨਾ ਦੀ ਜਾਂਚ ਕਰਨ ਦੀ ਵੀ ਗੱਲ ਕਹੀ।