ਚੰਡੀਗੜ੍ਹ- ਹਰਿਆਣਾ ਵਿਚ 5 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਸੱਤਾਧਾਰੀ ਭਾਜਪਾ ਤੋਂ ਕੁਝ ਸੀਟਾਂ ‘ਤੇ ਅੱਗੇ ਹੈ। ਵੋਟ ਦੀ ਗਿਣਤੀ ਸਬੰਧੀ ਕੁਝ ਰਿਪੋਰਟਾਂ ਮੁਤਾਬਕ ਬੈਲਟ ਪੇਪਰ ਦੀ ਗਿਣਤੀ ਮੁਤਾਬਕ ਕਾਂਗਰਸ 26 ਸੀਟਾਂ ਅਤੇ ਭਾਜਪਾ 21 ਸੀਟਾਂ ‘ਤੇ ਅੱਗੇ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਲਾ ਸੀਟ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਗੇ ਹਨ, ਜਦਕਿ ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ-ਕਿਲੋਈ ਹਲਕੇ ਤੋਂ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਪਣੇ ਵਿਰੋਧੀਆਂ ਤੋਂ ਅੱਗੇ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਗਿਣਤੀ ਵਾਲੀਆਂ ਥਾਵਾਂ ‘ਤੇ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਈ ਐਗਜ਼ਿਟ ਪੋਲਾਂ ਨੇ ਹਰਿਆਣਾ ਵਿਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।
ਹਾਲਾਂਕਿ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਲਗਾਤਾਰ ਤੀਜੀ ਵਾਰ ਸੂਬੇ ਵਿਚ ਸੱਤਾ ਵਿਚ ਵਾਪਸੀ ਕਰੇਗੀ। ਹਰਿਆਣਾ ਵਿਚ 67.90 ਫੀਸਦੀ ਵੋਟਿੰਗ ਹੋਈ। ਚੋਣ ਮੈਦਾਨ ਵਿਚ ਮੁੱਖ ਪਾਰਟੀਆਂ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) – ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ) ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ)-ਆਜ਼ਾਦ ਸਮਾਜ ਪਾਰਟੀ (ਏ. ਐਸ. ਪੀ) ਹਨ। ਹਾਲਾਂਕਿ ਜ਼ਿਆਦਾਤਰ ਸੀਟਾਂ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲੇਗਾ। ਹਰਿਆਣਾ ਦੀਆਂ 90 ਸੀਟਾਂ ਲਈ 464 ਆਜ਼ਾਦ ਅਤੇ 101 ਔਰਤਾਂ ਸਮੇਤ ਕੁੱਲ 1,031 ਉਮੀਦਵਾਰ ਚੋਣ ਮੈਦਾਨ ਵਿਚ ਹਨ। 5 ਅਕਤੂਬਰ ਨੂੰ ਇਕੋ ਪੜਾਅ ਵਿਚ ਸਾਰੀਆਂ ਸੀਟਾਂ ‘ਤੇ ਵੋਟਿੰਗ ਹੋਈ ਸੀ।