ਆਦਮਪੁਰ : ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਵਿਖੇ 2 ਪੁਲਸ ਮੁਲਾਜ਼ਮਾਂ ਦੀਆਂ ਸ਼ੱਕੀ ਹਾਲਾਤ ’ਚ ਲਾਸ਼ਾਂ ਮਿਲੀਆਂ ਹਨ। ਰੇਲਵੇ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੂੰ ਪਤਾ ਲੱਗਾ ਕਿ ਰੇਲਵੇ ਸਟੇਸ਼ਨ ਦੇ ਨਵੇਂ ਉਸਾਰੇ ਗਏ ਬਿਲਡਿੰਗ ਦੇ ਇਕ ਕਮਰੇ ਨੇੜੇ ਇਕ ਪੁਲਸ ਮੁਲਾਜ਼ਮ ਦੀ ਲਾਸ਼ ਪਈ ਹੋਈ ਸੀ, ਉਸ ਨੇ ਥੋੜ੍ਹਾ ਅੱਗੇ ਜਾ ਕੇ ਦੇਖਿਆ ਤਾਂ ਇਕ ਹੋਰ ਵਿਅਕਤੀ ਦੀ ਲਾਸ਼ ਸਾਹਮਣੇ ਦਿਸੀ। ਆਦਮਪੁਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ ’ਤੇ ਪਹੁੰਚੇ ਜੀ. ਆਰ. ਪੀ. ਥਾਣਾ ਜਲੰਧਰ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਆਦਮਪੁਰ ਪੁਲਸ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਰੇਲਵੇ ਪੁਲਸ ਪਾਰਟੀ ਸਮੇਤ ਸਟੇਸ਼ਨ ’ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪੁਲਸ ਮੁਲਾਜ਼ਮ ਜ਼ਿਲ੍ਹਾ ਹੁਸ਼ਿਆਰਪੁਰ ’ਚ ਡਿਊਟੀ ਦੇ ਰਹੇ ਸਨ, ਜਿਨ੍ਹਾਂ ਦੀ ਪਛਾਣ ਏ. ਐੱਸ. ਆਈ. ਪ੍ਰੀਤਮ ਦਾਸ ਅਤੇ ਏ. ਐੱਸ. ਆਈ. ਜੀਵਨ ਲਾਲ ਵਜੋਂ ਹੋਈ ਹੈ।
ਸੂਤਰਾਂ ਅਨੁਸਾਰ ਅੱਜ ਇਹ ਕਿਸੇ 2 ਮੁਲਜ਼ਮਾਂ ਨੂੰ ਪੇਸ਼ੀ ’ਤੇ ਹੁਸ਼ਿਆਰਪੁਰ ਤੋਂ ਜਲੰਧਰ ਅਦਾਲਤ ’ਚ ਪੇਸ਼ ਕਰਵਾ ਕੇ ਵਾਪਸ ਜਾ ਰਹੇ ਸਨ ਤਾਂ ਆਦਮਪੁਰ ਵਿਖੇ ਇਕ ਮੁਲਜ਼ਮ, ਜੋ ਕਿ ਯੂਵੇਨਾਈਲ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ, ਇਨ੍ਹਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਮੁਲਾਜ਼ਮਾਂ ਨੇ ਆਦਮਪੁਰ ਥਾਣੇ ਪਹੁੰਚ ਕੇ ਇਕ ਮੁਲਜ਼ਮ ਨੂੰ ਥਾਣੇ ਬਿਠਾ ਕੇ ਮੋਟਰਸਾਈਕਲ ਲੈ ਕੇ ਫਰਾਰ ਨੂੰ ਲੱਭਣ ਚਲੇ ਗਏ ਪਰ ਅਚਾਨਕ ਉਹ ਮੋਟਰਸਾਈਕਲ ਰੇਲਵੇ ਸਟੇਸ਼ਨ ਆਦਮਪੁਰ ਦੇ ਬਾਹਰ ਅਤੇ ਇਨ੍ਹਾਂ ਦੋਵਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਰੇਲਵੇ ਸਟੇਸ਼ਨ ਦੇ ਅੰਦਰ ਨਵੇਂ ਬਣ ਰਹੇ ਬਲਾਕ ਦੇ ਨੇੜਿਓਂ ਬਰਾਮਦ ਹੋਈਆਂ। ਅਜੇ ਤੱਕ ਇਹ ਭੇਦ ਬਣਿਆ ਹੋਇਆ ਹੈ ਕਿ ਆਖਿਰ ਇਨ੍ਹਾਂ ਦੀ ਮੌਤ ਕਿਵੇਂ ਹੋਈ।