ਦੇਸ਼ ’ਚ ਲੋਕ ਸਭਾ ਚੋਣਾਂ ਦੇ ਚੱਲਦੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਭਲਕੇ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਨਾਮਜ਼ਦਗੀ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੱਢਿਆ ਜਾਣਾ ਸੀ ਜੋ ਰੱਦ ਕਰ ਦਿੱਤਾ ਗਿਆ ਹੈ। ਰੋਡ ਸ਼ੋਅ ਰੱਦ ਹੋਣ ਦੀ ਜਾਣਕਾਰੀ ਰਾਜਾ ਵੜਿੰਗ ਨੇ ਐਕਸ ’ਤੇ ਪੋਸਟ ਕਰਕੇ ਦਿੱਤੀ।
ਦਰਅਸਲ ਪੰਜਾਬ ਦੇ ਮਸ਼ਹੂਰ ਸਾਹਿਤਕਾਰ ਲੇਖਕ, ਕਵੀ ਅਤੇ ਸ਼ਾਇਰ ਸੁਰਜੀਤ ਪਾਤਰ, ਜਿਨ੍ਹਾਂ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਪੰਜਾਬ ਅਤੇ ਪੰਜਾਬੀਅਤ ਦੀਆਂ ਨਜ਼ਮਾਂ ਪਹੁੰਚਾਈਆਂ, ਉਨ੍ਹਾਂ ਦਾ ਭਲਕੇ ਅੰਤਿਮ ਸੰਸਕਾਰ ਹੈ। ਇਸੇ ਕਾਰਨ ਹੀ ਰਾਜਾ ਵੜਿੰਗ ਵਲੋਂ ਨਾਮਜ਼ਦਗੀ ਭਰਨ ਦੌਰਾਨ ਆਪਣੇ ਰੋਡ ਸ਼ੋਅ ਦੇ ਪ੍ਰੋਗਰਾਮਾਂ ਨੂੰ ਰੱਦ ਕੀਤਾ ਗਿਆ ਹੈ।
ਇਸ ਸੰਬੰਧੀ ਰਾਜਾ ਵੜਿੰਗ ਨੇ ਐਕਸ ‘ਤੇ ਇੱਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਸਾਡੇ ‘ਚ ਨਹੀਂ ਰਹੇ। ਭਲਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਰੱਖਿਆ ਗਿਆ ਹੈ। ਇਸ ਲਈ ਨਾਮਜ਼ਦਗੀ ਪੱਤਰ ਉਹ ਸ਼ਾਂਤਮਈ ਤਰੀਕੇ ਨਾਲ ਦਾਖਲ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਇਕੱਠ ਕਰਨ ਦੀ ਲੋੜ ਨਹੀਂ ਹੈ। ਨਾਮਜ਼ਦਗੀ ਪੱਤਰ ਭਰਨ ਸਮੇਂ ਸਿਰਫ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਸੱਦਾ ਦਿੱਤਾ ਜਾਵੇਗਾ।
ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੇਸ਼ ਦੀ ਸੰਸਦ ‘ਚ ਜਾਣ ਦਾ ਮੌਕਾ ਮਿਲਿਆ ਤਾਂ ਉਹ ਸਮੁੱਚੇ ਪੰਜਾਬ ਦੇ ਮਸਲਿਆਂ ਨੂੰ ਸੰਸਦ ‘ਚ ਚੁੱਕਣਗੇ।