ਅਸੀਂ ਅਕਸਰ ਹੀ ਕੰਮ ਕਰਨ ਤੋਂ ਬੱਚਣ ਲਈ ਬਹਾਨੇ ਮਾਰ ਦਿੰਦੇ ਹਾਂ ਪਰ ਬਹਾਨੇ ਵੀ ਤਾਂ ਸੋਚ ਸਮਝ ਕੇ ਹੀ ਮਾਰੇ ਜਾ ਸਕਦੇ ਹਨ ਕਿ ਕਿਤੇ ਫੜੇ ਹੀ ਨਾ ਜਾਈਏ। ਪਰ ਜਦੋਂ ਝੂਠਾ ਬਹਾਨਾ ਲਗਾ ਕੇ ਬੰਦਾ ਫੜਿਆ ਜਾਂਦਾ ਹੈ ਤਾਂ ਸ਼ਰਮਸਾਰ ਹੋਣ ਦੇ ਨਾਲ-ਨਾਲ ਕਈ ਵਾਰ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ। ਤਾਂ ਅਜਿਹਾ ਹੀ ਇੱਕ ਅਜਬ-ਗਜਬ ਮਾਮਲਾ ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਰਦ ਅਧਿਆਪਕ ਨੇ ਚੌਣ ਡਿਊਟੀ ਤੋਂ ਬੱਚਣ ਲਈ ਆਪਣੇ ਆਪ ਨੂੰ ਗਰਭਵਤੀ ਮਹਿਲਾ ਦਿਖਾ ਕੇ ਚੌਣ ਡਿਊਟੀ ਕਟਵਾ ਲਈ। ਪਰ ਮਾਮਲਾ ਕਿੰਨੀ ਕੁ ਦੇਰ ਲੁਕਣ ਵਾਲਾ ਸੀ। ਚੌਣ ਡਿਊਟੀ ਲਗਾਉਣ ਵਾਲੇ ਸਾਫਟਵੇਅਰ ਨੇ ਜਦੋਂ ਗਰਭਵਤੀ ਹੋਣ ਦਾ ਡਾਟਾ ਨਾ ਚੁੱਕਿਆ ਤਾਂ ਅਧਿਆਪਕ ਸਤੀਸ਼ ਕੁਮਾਰ ਦੀ ਡਿਊਟੀ ਕਿਤੇ ਵੀ ਨਾ ਲੱਗੀ। ਜਿਸ ਤੋਂ ਬਾਅਦ ਮਾਮਲਾ ਸਾਰਿਆਂ ਦੇ ਸਾਹਮਣੇ ਆਇਆ।
ਮਾਮਲਾ ਡਾਹੌਲਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਡਾਹੌਲਾ ਸਕੂਲ ਤੋਂ ਜੋ ਡਾਟਾ ਭੇਜਿਆ ਗਿਆ, ਉਸ ‘ਚ ਪੀਜੀਟੀ ਹਿੰਦੀ ਦੇ ਅਹੁਦੇ ‘ਤੇ ਤੈਨਾਤ ਸਤੀਸ਼ ਕੁਮਾਰ ਨੂੰ ਨਾ ਸਿਰਫ਼ ਔਰਤ ਦੱਸਿਆ ਗਿਆ ਬਲਕਿ ਗਰਭਵਤੀ ਵੀ ਦਿਖਾਇਆ ਗਿਆ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ.ਸੀ. ਮੁਹੰਮਦ ਇਮਰਾਨ ਰਜਾ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਨੂੰ ਹਾਈ ਲੇਵਲ ‘ਤੇ ਚੋਣ ਕਮਿਸ਼ਨ ਅਤੇ ਸਿੱਖਿਆ ਵਿਭਾਗ ਨੂੰ ਵੀ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਡੀ.ਸੀ. ਨੇ ਦੋਸ਼ੀ ਪੀਜੀਟੀ ਸਤੀਸ਼ ਕੁਮਾਰ, ਪ੍ਰਿੰਸੀਪਲ ਅਨਿਲ ਕੁਮਾਰ ਅਤੇ ਕੰਪਿਊਟਰ ਆਪਰੇਟਰ ਮਨਜੀਤ ਕੁਮਾਰ ਨੂੰ ਆਪਣੇ ਦਫ਼ਤਰ ‘ਚ ਬੁਲਾ ਕੇ ਪੁੱਛ-ਗਿੱਛ ਕੀਤੀ। ਪਰ ਤਿੰਨਾਂ ਨੇ ਮਾਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਸੰਬੰਧੀ ਡੀਸੀ ਮੁਹੰਮਦ ਇਮਰਾਨ ਰਜਾ ਦਾ ਕਹਿਣਾ ਹੈ ਕਿ ਇਹ ਅਨੋਖਾ ਮਾਮਲਾ ਹੈ। ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।