ਲੁਧਿਆਣਾ: ਬੱਸ ਸਟੈਂਡ ਜਵਾਹਰ ਨਗਰ ਕੈਂਪ ਨੇੜੇ ਸਥਿਤ ਰਾਇਲ ਬਲੂ ਨਾਮਕ 3 ਮੰਜ਼ਿਲਾ ਹੋਟਲ ਵਿਚ ਭਿਆਨਕ ਅੱਗ ਲੱਗਣ ਕਾਰਨ ਪ੍ਰੇਮੀ ਜੋੜੇ ਦੀ ਮੌਤ ਹੋ ਗਈ। ਜਦੋਂ ਕਿ ਸਾਹ ਘੁੱਟਣ ਕਾਰਨ 5 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ ਦੇ ਬਾਅਦ ਏ.ਸੀ.ਪੀ ਸਿਵਲ ਲਾਈਨ ਆਕਰਸ਼ੀ ਜੈਨ, ਥਾਣਾ ਡਵੀਜ਼ਨ ਨੰਬਰ 5 ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ, ਚੌਂਕੀ ਕੌਚਰ ਮਾਰਕੀਟ ਤੋਂ ਧਰਮਪਾਲ ਅਤੇ ਬੱਸ ਸਟੈਂਡ ਚੌਂਕੀ ਇੰਚਾਰਜ ਅਮਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਮ੍ਰਿਤਕ ਜੋੜੇ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਦੋਂ ਕਿ ਸਾਹ ਘੁੱਟਣ ਕਾਰਨ ਬੇਹੋਸ਼ ਹੋ ਗਏ 5 ਵਿਅਕਤੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ 3 ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਘਟਨਾ ਅੱਜ ਸਵੇਰੇ 5.15 ਵਜੇ ਦੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪ੍ਰੇਮੀ ਜੋੜਾ ਹੋਟਲ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ਵਿਚ ਸੀ।ਸੂਤਰਾਂ ਮੁਤਾਬਕ ਜੋੜੇ ਦੀ ਮੌਤ ਦਾ ਕਾਰਨ ਹੋਟਲ ਤੋਂ ਬਾਹਰ ਨਿਕਲਣ ਦਾ ਰਾਹ ਤੰਗ ਹੋਣਾ ਵੀ ਦੱਸਿਆ ਜਾ ਰਿਹਾ ਹੈ। ਜਦਕਿਚ ਬਾਕੀ ਪਹਿਲੀ ਮੰਜ਼ਿਲ ‘ਤੇ ਸਨ। ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਖ਼ਬਰ ਲਿਖੇ ਜਾਣ ਤੱਕ ਏ.ਸੀ.ਪੀ. ਅਕਰਸ਼ੀ ਜੈਨ ਨੇ ਹੋਟਲ ਨੂੰ ਸੀਲ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਇਲਾਕਾ ਪੁਲਸ ਹਰਕਤ ਵਿਚ ਆ ਗਈ ਹੈ।