ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਹੁਣ ਦਿੱਲੀ ਦੇ ਹੀ ਦੋ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਵਾਰ ਵੀ ਧਮਕੀ ਦੇਣ ਵਾਲੇ ਵਿਅਕਤੀ ਨੇ ਪੁਰਾਣੇ ਪੈਟਰਨ ਨੂੰ ਦੁਹਰਾਉਂਦੇ ਹੋਏ ਈਮੇਲ ਭੇਜੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਕੀ ਭਰਿਆ ਈ-ਮੇਲ ਸੰਜੇ ਗਾਂਧੀ ਹਸਪਤਾਲ ਅਤੇ ਬੁਰਾੜੀ ਹਸਪਤਾਲ ਨੂੰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਹਸਪਤਾਲਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ, ਫਾਇਰ ਵਿਭਾਗ ਅਤੇ ਸਾਰੀਆਂ ਸਿਵਲ ਏਜੰਸੀਆਂ ਤੋਂ ਇਲਾਵਾ ਬੰਬ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚੇ ਜਿਨ੍ਹਾਂ ਵੱਲੋਂ ਹਸਪਤਾਲ ਚ ਤਲਾਸ਼ੀ ਅਭਿਆਨ ਚਲਾਇਆ ਗਿਆ। ਹਾਲਾਂਕਿ ਹੁਣ ਤੱਕ ਹਸਪਤਾਲ ਚੋਂ ਅਜਿਹੀ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਪਰ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 1 ਮਈ ਨੂੰ ਵੀ ਦਿੱਲੀ-ਐਨਸੀਆਰ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਭੇਜ ਗਈ ਸੀ। ਜਿਸ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਫਾਇਰ ਇੰਜਣ ਅਤੇ ਐਂਬੂਲੈਂਸ ਸਾਰੇ ਸਕੂਲਾਂ ਵਿੱਚ ਮੌਕੇ ’ਤੇ ਪਹੁੰਚੀਆਂ ਤੇ ਸਕੂਲਾਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਇਮਾਰਤਾਂ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਸ਼ੱਕੀ ਵਸਤੂਆਂ ਦੀ ਭਾਲ ਕੀਤੀ। ਪਰ ਬਾਅਦ ‘ਚ ਇਹ ਫਰਜ਼ੀ ਪਾਇਆ ਗਿਆ।