ਸਾਹਨੇਵਾਲ- ਸਾਹਨੇਵਾਲ ਤੋਂ ਇਕ ਸਨਸਨੀਖੇਜ਼ ਵਾਰਦਾਤ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਸਟੂਡੀਓ ’ਚੋਂ ਗਾ ਕੇ ਨਿਕਲ ਰਹੇ ਇਕ ਗਾਇਕ ’ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰਨ ਦਿੱਤਾ ਗਿਆ ਹੈ। ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਮੱਕੜ ਕਾਲੋਨੀ ਗਿਆਸਪੁਰਾ ਦੀ ਹੈ, ਜਿਥੇ ਗਾਣਾ ਰਿਕਾਰਡ ਕਰ ਕੇ ਸਟੂਡੀਓ ’ਚੋਂ ਬਾਹਰ ਨਿਕਲ ਰਹੇ ਵਿਅਕਤੀ ’ਤੇ ਹਮਲਾ ਹੋਇਆ ਹੈ।
ਫੈਕਟਰੀ ’ਚ ਵੈਲਡਿੰਗ ਦਾ ਕੰਮ ਕਰਨ ਵਾਲੇ ਸੰਗੀਤ ਨਾਲ ਜੁੜੇ ਸ਼ਿਵਾ ਸ਼ਰਮਾ ਪੁੱਤਰ ਰਾਮ ਬਿਲਾਸ ਸ਼ਰਮਾ ਵਾਸੀ ਮੱਕੜ ਕਾਲੋਨੀ ਗਿਆਸਪੁਰਾ ਨੇ ਆਪਣੇ ਨਾਲ ਹੋਈ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਨੇੜੇ ਹੀ ਬਣੇ ਸੰਗੀਤ ਸਟੂਡੀਓ ’ਚੋਂ ਨਿਕਲਿਆ ਤਾਂ 3-4 ਬੰਦਿਆਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜੋ ਉਸ ਦੇ ਢਿੱਡ ਸਮੇਤ ਸਰੀਰ ਦੇ ਕਈ ਹਿੱਸਿਆਂ ’ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਵਿਅਕਤੀ ਉਸ ਤੋਂ 10 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਚੌਕੀ ਗਿਆਸਪੁਰਾ ਦੇ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਵਰਗੀ ਕੋਈ ਗੱਲਬਾਤ ਨਹੀਂ, ਇਹ ਸਮੇਤ ਮੁਦਈ ਪੰਜੇ ਵਿਅਕਤੀ ਆਪਸ ’ਚ ਲੜੇ ਹਨ, ਜਿਸ ਦੌਰਾਨ ਸ਼ਿਵਾ ਸ਼ਰਮਾ ਦੀ ਮੈਡੀਕਲ ਰਿਪੋਰਟ ਮੁਤਾਬਕ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਸੀ, ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।