ਅੱਜ ਦਾ ਮਨੁੱਖ ਆਪਣੇ ਲਾਲਚਵੱਸ ਖੁਦ ਇੱਕ ਆਫ਼ਤ ਬਣ ਗਿਆ ਹੈ ਜਿਸ ਵੱਲੋਂ ਕੀਤੇ ਜਾ ਰਹੇ ਕੁਦਰਤ ਦੇ ਘਾਣ ਨੇ ਬਹੁਤ ਸਾਰੀਆਂ ਆਫ਼ਤਾਂ ਨੂੰ ਜਨਮ ਦਿੱਤਾ ਹੈ। ਦਰਅਅਸਲ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਗਟਾਏ ਗਏ ਹਨ। ਇੱਥੇ ਉਹ ਆਫ਼ਤ ਪ੍ਰਬੰਧਨ ਸੰਬੰਧੀ ਭਾਰਤ ਸਰਕਾਰ ਦੇ ਕੌਮੀ ਅਦਾਰੇ ‘ਨੈਸ਼ਨਲ ਇੰਸਚੀਚੂਟ ਆਫ਼ ਡਿਜ਼ਾਸਟਰ ਮੈਨੇਜਮੈਂਟ’ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਪੰਜ ਦਿਨਾਂ ‘ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਹ ਤੈਅ ਹੈ ਕਿ ਮਨੁੱਖ ਜਿੰਨਾ ਬੇਈਮਾਨ ਹੁੰਦਾ ਜਾਵੇਗਾ, ਭਵਿੱਖ ਵਿੱਚ ਓਨੀਆਂ ਹੀ ਆਫ਼ਤਾਂ ਵਧੀਆਂ ਜਾਣਗੀਆਂ।
ਉਨ੍ਹਾਂ ਇਸ ਵਰਤਾਰੇ ਉੱਤੇ ਵਿਅੰਗਮਈ ਅੰਦਾਜ਼ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਭਾਵੇਂ ਅਜਿਹੀਆਂ ਆਫ਼ਤਾਂ ਦਾ ਵਾਧਾ ਮਨੁੱਖ ਦੇ ਬੇਈਮਾਨ ਹੋਣ ਨਾਲ਼ ਜੁੜਿਆ ਹੈ, ਪਰ ਇਨ੍ਹਾਂ ਨਾਲ਼ ਨਜਿੱਠਣ ਦਾ ਕਾਰਜ ਸਾਨੂੰ ਇਮਾਨਦਾਰ ਹੋ ਕੇ ਹੀ ਕਰਨਾ ਪੈਣਾ। ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਕੂਲ ਪੱਧਰ ’ਤੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਕਿਹਾ ਤਾਂ ਕਿ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਇਸ ਸੰਬੰਧੀ ਸਿਖਲਾਈ ਦਿੱਤੀ ਜਾ ਸਕੇ।
ਪਿਛਲੇ ਸਾਲ ਆਏ ਹੜ੍ਹਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਆਫ਼ਤਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪਾਣੀਆਂ ਦੇ ਕੁਦਰਤੀ ਵਹਾਅ ਵਿੱਚ ਅੜਚਣ ਬਣ ਕੇ ਹੜ੍ਹ ਵਰਗੀਆਂ ਆਫ਼ਤਾਂ ਨੂੰ ਜਨਮ ਦਿੰਦੇ ਹਾਂ। ਇਸ ਦੇ ਨਾਲ ਹੀ ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਅਤੇ ਪੜ੍ਹੇ ਲਿਖੇ ਲੋਕ ਰਾਜਨੀਤੀ ਵਿੱਚ ਰੁਚੀ ਨਹੀਂ ਲੈਣਗੇ ਤਾਂ ਰਾਜਨੀਤੀ ’ਚ ਭ੍ਰਿਸ਼ਟ ਲੋਕਾਂ ਦੇ ਆਉਣ ਦੇ ਆਸਾਰ ਵਧ ਜਾਂਦੇ ਹਨ।