ਕਰਤਾਰਪੁਰ – ਕਰਤਾਰਪੁਰ ਮੁੱਖ ਕੌਮੀ ਰਾਜ ਮਾਰਗ ਨੰ. ਇਕ ’ਤੇ ਬਾਬਾ ਬੋਹੜ ਸ਼ਾਹ ਦੀ ਦਰਗਾਹ ਦੇ ਬਿਲਕੁਲ ਸਾਹਮਣੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਚਸ਼ਮਦੀਦਾਂ ਅਨੁਸਾਰ ਜਲੰਧਰ ਸਾਈਡ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਅਚਾਨਕ ਬੇਕਾਬੂ ਹੋ ਕੇ ਮੁੱਖ ਕੌਮੀ ਮਾਰਗ ’ਤੇ ਬਣੇ ਕਰੀਬ ਇਕ ਫੁੱਟ ਉੱਚੇ ਡਿਵਾਈਡਰ ਨੂੰ ਪਾਰ ਕਰਕੇ ਕਰਤਾਰਪੁਰ ਵਾਲੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਬਾਰਸਾਤੀ ਨਾਲੇ ’ਚ ਵੱਜੀ। ਹਾਦਸੇ ਦੌਰਾਨ ਕਾਰ ਦਾ ਟਾਇਰ ਵੀ ਫੱਟ ਗਿਆ, ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਮੇਤ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਕਾਰ ਨੰਬਰ ਸੀ. ਐੱਚ. 01 ਏ. ਏ. 5557, ਜਿਸ ਨੂੰ ਰਾਜੀਵ ਵਰਮਾ ਪੁੱਤਰ ਐੱਮ. ਪੀ. ਵਰਮਾ ਵਾਸੀ ਮੁਹੱਲਾ ਸ਼ੇਰਗੜ੍ਹ ਕਪੂਰਥਲਾ ਚਲਾ ਰਿਹਾ ਸੀ ਅਤੇ ਆਪਣੇ ਪਿਤਾ ਐੱਮ. ਪੀ. ਵਰਮਾ ਨਾਲ ਕਿਸੇ ਨਿੱਜੀ ਕੰਮ ਕਰਕੇ ਚੰਡੀਗੜ੍ਹ ਤੋਂ ਵਾਪਸ ਕਪੂਰਥਲਾ ਜਾ ਰਿਹਾ ਸੀ, ਰਾਜੀਵ ਵਰਮਾ ਨੇ ਮੌਕੇ ’ਤੇ ਲੋਕਾਂ ਨੂੰ ਦੱਸਿਆ ਕਿ ਉਸ ਨੂੰ ਅਚਾਨਕ ਝੋਕ ਲੱਗ ਗਈ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦੇ ਦੂਸਰੇ ਪਾਸੋਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀ. ਬੀ. 09 ਡਬਲਿਊ 4387 ਨਾਲ ਟਕਰਾ ਗਈ, ਜਿਸ ਨੂੰ ਸਾਦੀਕ ਮੁਹੰਮਦ ਪੁੱਤਰ ਸ਼ੇਰ ਮੁਹੰਮਦ ਵਾਸੀ ਪਿੰਡ ਬਹਾਣੀ, ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ, ਜੋਕਿ ਕਪੂਰਥਲਾ ਤੋਂ ਕਰਤਾਰਪੁਰ ਦੇ ਰਸਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ, ਮੌਕੇ ’ਤੇ ਸਾਦਿਕ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਕਰਤਾਰਪੁਰ ਲਿਜਾਇਆ ਗਿਆ, ਜਿੱਥੇ ਡਾਕਟਰ ਗਗਨਦੀਪ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਮੌਕੇ ’ਤੇ ਪੁੱਜੇ ਏ. ਐੱਸ. ਆਈ. ਦਇਆ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨ ਕਬਜ਼ੇ ਵਿਚ ਲੈ ਲਏ ਗਏ ਹਨ ਤੇ ਟਰੈਫਿਕ ਵੀ ਕੰਟਰੋਲ ਵਿਚ ਕਰਵਾ ਦਿੱਤਾ ਗਿਆ ਹੈ।