ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਐਤਵਾਰ ਨੂੰ ਹਰਿਆਣਾ ਪਹੁੰਚੇ ਜਿੱਥੇ ਉਨ੍ਹਾਂ ਕਰਨਾਲ ਵਿੱਚ ਹਰਿਆਣਾ ਰਾਜ ਦੇ ਸਾਰੇ ਬਸਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਰੈਲ੍ਹੀ ਕੀਤੀ। ਇੱਥੇ ਉਨ੍ਹਾਂ ਨੇ ਦਲਿਤਾਂ, ਆਦਿਵਾਸੀਆਂ ਦੇ ਨਾਲ-ਨਾਲ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਨੂੰ ਸੰਬੋਧਨ ਕੀਤਾ। ਕਾਂਗਰਸ ਅਤੇ ਭਾਜਪਾ ‘ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਜ਼ਿਆਦਾਤਰ ਸਮਾਂ ਸੱਤਾ ‘ਚ ਰਹੀ ਹੈ। ਪਰ ਦਲਿਤ, ਆਦਿਵਾਸੀ ਅਤੇ ਪਛੜੀਆਂ ਸ਼੍ਰੇਣੀ ਵਿਰੋਧੀ ਨੀਤੀਆਂ ਕਾਰਨ ਉਸ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ। ਹੁਣ ਭਾਜਪਾ ਵੀ ਉਹੀ ਨੀਤੀਆਂ ਅਪਣਾ ਰਹੀ ਹੈ, ਇਸ ਲਈ ਭਾਜਪਾ ਨੂੰ ਵੀ ਮੁੜ ਸੱਤਾ ਹਾਸਲ ਕਰਨ ਤੋਂ ਰੋਕਣਾ ਪਵੇਗਾ।
ਮਾਇਆਵਤੀ ਨੇ ਕਿਹਾ ਕਿ ਜਨਤਾ ਸਭ ਕੁਝ ਸਮਝ ਚੁੱਕੀ ਹੈ। ਯੂਪੀ ਵਿੱਚ ਜੋ ਕੰਮ ਬਸਪਾ ਸਰਕਾਰ ਨੇ ਕੀਤਾ ਹੈ, ਉਸ ਦਾ ਇੱਕ ਤਿਹਾਈ ਹਿੱਸਾ ਵੀ ਦੇਸ਼ ਭਰ ਵਿੱਚ ਨਹੀਂ ਹੋਇਆ, ਭਾਜਪਾ ਨੇ ਸਿਰਫ਼ ਅਮੀਰਾਂ ਅਤੇ ਪੂੰਜੀਪਤੀਆਂ ਨੂੰ ਹੀ ਅਮੀਰ ਕੀਤਾ ਹੈ। ਮਾਇਆਵਤੀ ਨੇ ਇਲੈਕਟੋਰਲ ਬਾਂਡ ਦਾ ਜ਼ਿਕਰ ਕਰਦੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਭਾਜਪਾ, ਕਾਂਗਰਸ ਅਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਬਾਂਡਾਂ ਰਾਹੀਂ ਅਮੀਰਾਂ, ਪੂੰਜੀਪਤੀਆਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਤੋਂ ਕਰੋੜਾਂ ਰੁਪਏ ਲੈਣ ਦਾ ਨੋਟਿਸ ਲਿਆ ਸੀ। ਬਸਪਾ ਹੀ ਅਜਿਹੀ ਪਾਰਟੀ ਹੈ ਜਿਸ ਨੇ ਕਿਸੇ ਤੋਂ ਇੱਕ ਰੁਪਿਆ ਵੀ ਨਹੀਂ ਲਿਆ। ਬਸਪਾ ਕਿਸੇ ਅਮੀਰ ਆਦਮੀ ਜਾਂ ਸਰਮਾਏਦਾਰ ਤੋਂ ਪੈਸੇ ਨਹੀਂ ਲੈਂਦੀ, ਬਸਪਾ ਆਪਣੇ ਵਰਕਰਾਂ ਤੋਂ ਕੁਝ ਪੈਸੇ ਇਕੱਠੇ ਕਰਕੇ ਸੰਗਠਨ ਚਲਾਉਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਂਗਰਸ ਵਾਂਗ ਭਾਜਪਾ ਨੇ ਵੀ ਦੇਸ਼ ਦੀਆਂ ਏਜੰਸੀਆਂ ਦਾ ਸਿਆਸੀਕਰਨ ਕੀਤਾ ਹੈ। ਪਰ ਬਸਪਾ ਨੇ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ, ਕਿਸਾਨਾਂ, ਮਜ਼ਦੂਰਾਂ ਆਦਿ ਸਮੇਤ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਹੈ। ਭਾਜਪਾ ਦੀ ਜਾਤੀਵਾਦੀ ਅਤੇ ਪੂੰਜੀਵਾਦੀ ਸੋਚ ਕਾਰਨ ਇਸ ਨੇ ਕਦੇ ਵੀ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਕੰਮ ਨਹੀਂ ਕੀਤਾ।