ਮੁੰਬਈ : ਪੁਲਸ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਸੁਪਾਰੀ ਲੈ ਕੇ ਕਤਲ ਕਰਨ, ਵਪਾਰਕ ਰੰਜਿਸ਼ ਜਾਂ ਝੁੱਗੀ-ਝੌਂਪੜੀ ਦੇ ਮੁੜ ਵਸੇਬਾ ਪ੍ਰਾਜੈਕਟ ਨੂੰ ਲੈ ਕੇ ਮਿਲੀ ਧਮਕੀ ਸਮੇਤ ਕਈ ਪਹਿਲੂ ਸ਼ਾਮਲ ਹਨ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਐਤਵਾਰ ਨੂੰ ਦਿੱਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਸਿੱਦੀਕੀ (66) ਦੀ ਲਾਸ਼ ਨੂੰ ਪੋਸਟਮਾਰਟਮ ਲਈ ਐਤਵਾਰ ਸਵੇਰੇ 6 ਵਜੇ ਲੀਲਾਵਤੀ ਹਸਪਤਾਲ ਤੋਂ ਕੂਪਰ ਹਸਪਤਾਲ ਲਿਜਾਇਆ ਗਿਆ।
ਦੱਸ ਦੇਈਏ ਕਿ ਸ਼ਨੀਵਾਰ ਰਾਤ ਮੁੰਬਈ ‘ਚ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਬਾਬਾ ਸਿੱਦੀਕੀ ਦਾ ਕਤਲ ਕਰ ਦਿੱਤਾ ਸੀ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਵਿਰੋਧੀ ਧਿਰ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੂਬੇ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਦਾ ਪ੍ਰਸਤਾਵ ਹੈ। ਬਾਬਾ ਸਿੱਦੀਕੀ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਦੇ ਖੇਰ ਨਗਰ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਤਿੰਨ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਸ਼ਨੀਵਾਰ ਰਾਤ 11.27 ਵਜੇ ਮ੍ਰਿਤਕ ਐਲਾਨ ਦਿੱਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫੋਰੈਂਸਿਕ ਮਾਹਿਰਾਂ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਨਮੂਨੇ ਇਕੱਠੇ ਕੀਤੇ।