ਭਵਾਨੀਗੜ੍ਹ – ਸੰਗਰੂਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐੱਫ.ਸੀ.ਆਈ. ਦੇ ਡਾਇਰੈਕਟਰ ਸੀਨੀਅਰ ਭਾਜਪਾ ਆਗੂ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਦੀ ਭੇਤ ਭਰੇ ਹਾਲਾਤਾਂ ’ਚ ਉਸ ਦੀ ਨਿੱਜੀ ਗੱਡੀ ’ਚ ਲਾਸ਼ ਪ੍ਰਾਪਤ ਹੋਈ ਹੈ। ਗੰਨਮੈਨ ਦੇ ਮੱਥੇ ‘ਚ ਗੋਲ਼ੀ ਲੱਗੀ ਹੋਈ ਸੀ ਤੇ ਉਸ ਦੀ ਲਾਸ਼ ਉਸ ਦੀ ਨਿੱਜੀ ਗੱਡੀ ਦੀ ਡਰਾਇਵਰ ਸੀਟ ਤੋਂ ਮਿਲੀ ਹੈ ਤੇ ਉਸ ਦੀ ਸਰਕਾਰੀ ਕਾਰਬਾਈਨ ਵੀ ਉਸ ਦੇ ਕੋਲ ਮੌਜੂਦ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਗਰਗ ਨੇ ਦੱਸਿਆ ਕਿ ਉਸ ਦਾ ਸਰਕਾਰੀ ਗੰਨਮੈਨ ਪੰਜਾਬ ਪੁਲਸ ਦਾ ਕਾਂਸਟੇਬਲ ਨਵਜੋਤ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦਾ ਗੰਨਮੈਨ ਆਪਣੀ ਨਿੱਜੀ ਕਾਰ ਰਹੀ ਆਪਣੀ ਡਿਊਟੀ ਤੇ ਉਸ ਦੀ ਸੁਰੱਖਿਆ ਲਈ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਰਸਤੇ ’ਚ ਹੀ ਪਟਿਆਲਾ ਨੇੜੇ ਪਿੰਡ ਜਾਅਲਾਂ ਨਜ਼ਦੀਕ ਨਵਜੋਤ ਸਿੰਘ ਦੀ ਲਾਸ਼ ਉਸ ਦੀ ਨਿੱਜੀ ਕਾਰ ’ਚੋਂ ਭੇਦ ਭਰੇ ਹਾਲਾਤਾਂ ’ਚ ਬਰਾਮਦ ਹੋਈ ਹੈ। ਉਸ ਦੇ ਮੱਥੇ ’ਚ ਗੋਲ਼ੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਾਂਸਟੇਬਲ ਨਵਜੋਤ ਸਿੰਘ ਉਸ ਕੋਲ ਜੁਲਾਈ ਮਹੀਨੇ ਤੋਂ ਬਤੌਰ ਗੰਨਮੈਨ ਡਿਊਟੀ ਕਰਦਾ ਸੀ।