ਲੋਕ ਸਭਾ ਚੋਣਾਂ ਦਰਮਿਆਨ ਵੱਖਵਾਦੀ ਸਮਰਥਕ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਵਾਰ ਫਿਰ ਦਿੱਲੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਐਤਵਾਰ ਬਾਅਦ ਦੁਪਹਿਰ ਨੂੰ ਦਿੱਲੀ ਦੇ ਦੋ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਮਿਲੇ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤੇ ਰਸਮੀ ਕਾਰਵਾਈ ਮਗਰੋਂ ਨਾਅਰੇ ਮਿਟਾਉਂਦੇ ਹੋਏ ਹਟਾ ਦਿੱਤੇ ਗਏ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੈਟਰੋ ਸਟੇਸ਼ਨ ਦੀ ਕੰਧ ‘ਤੇ ਨਾਅਰੇ ਲਿਖੇ ਹੋਏ ਸਨ। ਫਿਲਹਾਲ ਮੈਟਰੋ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਕੇ ਮੁਲਜ਼ਮਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ‘ਤੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਨੂ ਅਜਿਹਾ ਕਈ ਵਾਰ ਕਰ ਚੁੱਕੇ ਹਨ ਅਤੇ ਮੈਟਰੋ ਸਟੇਸ਼ਨ ਤੋਂ ਇਲਾਵਾ ਕਈ ਅਹਿਮ ਇਮਾਰਤਾਂ ਦੀਆਂ ਕੰਧਾਂ ‘ਤੇ ਵੀ ਅਜਿਹੇ ਸਲੋਗਨ ਲਿਖੇ ਹੋਏ ਮਿਲੇ ਹਨ।
ਪੁਲਿਸ ਮੁਤਾਬਕ ਐਤਵਾਰ ਦੁਪਹਿਰ ਕਰੀਬ 1 ਵਜੇ ਕਿਸੇ ਨੇ ਪੁਲਸ ਕੰਟਰੋਲ ਰੂਮ ‘ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਕਰੋਲ ਬਾਗ ਮੈਟਰੋ ਸਟੇਸ਼ਨ ਦੀ ਕੰਧ ‘ਤੇ ਕਿਸੇ ਨੇ ਇਤਰਾਜ਼ਯੋਗ ਖਾਲਿਸਤਾਨੀ ਨਾਅਰੇ ਲਿਖੇ ਹਨ। ਕੁਝ ਸਮੇਂ ਬਾਅਦ ਝੰਡੇਵਾਲ ਮੈਟਰੋ ਸਟੇਸ਼ਨ ਦੇ ਨੇੜੇ ਤੋਂ ਵੀ ਅਜਿਹਾ ਹੀ ਕਾਲ ਆਇਆ। ਸੂਚਨਾ ਮਿਲਦੇ ਹੀ ਪੁਲਿਸ ਦੋਵੇਂ ਥਾਵਾਂ ‘ਤੇ ਪਹੁੰਚ ਗਈ। ਕਰਾਈਮ ਟੀਮ ਤੋਂ ਇਲਾਵਾ ਐਫਐਸਐਲ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਫੋਟੋਆਂ ਖਿੱਚਣ ਤੋਂ ਬਾਅਦ ਕੰਧਾਂ ਤੋਂ ਇਤਰਾਜ਼ਯੋਗ ਨਾਅਰੇ ਮਿਟਾ ਦਿੱਤੇ ਗਏ। ਮੰਨਿਆ ਜਾ ਰਿਹਾ ਹੈ ਕਿ ਕਿਸੇ ਸਥਾਨਕ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਤੋਂ ਅਹਿਮ ਸੁਰਾਗ ਮਿਲੇ ਹਨ। ਜਿਸ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।