ਅਫਗਾਨਿਸਤਾਨ ‘ਚ ਪਿਛਲੇ ਦੋ ਹਫਤਿਆਂ ਤੋਂ ਪੈ ਰਹੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਜਿੱਥੇ ਹੁਣ ਤੱਕ 315 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਲਿਬਾਨ ਅਧਿਕਾਰੀਆਂ ਵੱਲੋਂ ਅਜੇ ਮੌਤਾਂ ਦੀ ਗਿਣਤੀ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਵਧ ਸਕਦੀ ਹੈ। ਅਮਰੀਕੀ ਮੀਡੀਆ ਸੀਐਨਐਨ ਦੇ ਅਨੁਸਾਰ, ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐਫਪੀ) ਨੇ 12 ਮਈ ਨੂੰ ਦੱਸਿਆ ਕਿ ਬਦਖ਼ਸ਼ਾਨ, ਘੋਰ, ਬਘਲਾਨ ਅਤੇ ਹੇਰਾਤ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਬਾਕ ਭਾਰੀ ਮੀਂਹ ਕਾਰਨ ਕਰੀਬ 1600 ਲੋਕ ਜ਼ਖਮੀ ਹੋਏ ਹਨ ਅਤੇ 2000 ਤੋਂ ਵੱਧ ਘਰ ਹੜ੍ਹਾਂ ਦੇ ਪਾਣੀ ’ਚ ਵਹਿ ਗਏ ਹਨ। ਇਸ ਦੇ ਨਾਲ ਹੀ WFP ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅਚਾਨਕ ਹੜ੍ਹਾਂ ਨੇ ਅਫਗਾਨਿਸਤਾਨ ਨੂੰ ਤਬਾਹ ਕਰ ਦਿੱਤਾ। ਸਭ ਤੋਂ ਵੱਧ ਮੌਤਾਂ ਬਘਲਾਨ ਵਿੱਚ ਹੋਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਬਘਲਾਨ ‘ਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਘਲਾਨ ਨੂੰ ਜਾਣ ਵਾਲੀ ਸੜਕ ਧਸ ਗਈ ਹੈ, ਜਿਸ ਕਾਰਨ ਉੱਥੇ ਰਾਹਤ ਪਹੁੰਚਾਉਣ ਵਿੱਚ ਦੇਰੀ ਹੋ ਰਹੀ ਹੈ। ਉੱਥੇ ਫਸੇ ਲੋਕਾਂ ਨੂੰ ਕੱਢਣ ਲਈ ਫੌਜ ਭੇਜੀ ਗਈ ਹੈ।