ਆਦਮਪੁਰ – ਬਲਾਕ ਆਦਮਪੁਰ ਦੇ ਪਿੰਡ ਪਧਿਆਣਾ ਤੋਂ ਇਕ ਬਹੁਤ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਇਕ ਔਰਤ ਨੇ ਆਪਣੇ 2 ਬੱਚਿਆਂ ਸਣੇ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਮੀਨੂੰ ਪਤਨੀ ਸਵਰਗੀ ਮਨਜੀਤ ਸਿੰਘ ਸਾਬੀ ਵਾਸੀ ਪਧਿਆਣਾ ਨੇ ਸਵੇਰੇ 9.30 ਤੋਂ 10 ਵਜੇ ਦੇ ਕਰੀਬ ਆਪਣੀ 5 ਸਾਲ ਦੀ ਬੇਟੀ ਤੇ 2 ਸਾਲ ਦੇ ਬੇਟੇ ਸਮੇਤ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੇ ਅਜਿਹਾ ਕਿਉਂ ਕੀਤਾ, ਇਸ ਗੱਲ ਦਾ ਅਜ ਤੱਕ ਕੁਝ ਪਤਾ ਨਹੀਂ ਲੱਗਾ।
ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਪਧਿਆਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕੇ ਪਿੰਡ ਦੇ ਇਕ ਘਰ ’ਚ ਬਹੁਤ ਚੀਕ-ਚਿਹਾੜਾ ਪੈ ਰਿਹਾ ਸੀ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਤੇ ਦੇਖਿਆ ਕੇ ਮੀਨੂੰ ਪਤਨੀ ਲੇਟ ਮਨਜੀਤ ਸਿੰਘ ਤੇ ਉਸ ਦੇ 2 ਬੱਚੇ ਅੱਗ ਨਾਲ ਝੁਲਸੇ ਹੋਏ ਸਨ ਤੇ ਕਮਰੇ ਅੰਦਰ ਸਾਮਾਨ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਵੱਲੋਂ ਆਵਾਜ਼ ਮਾਰਨ ’ਤੇ ਮੀਨੂੰ ਦੀ 5 ਸਾਲ ਦੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਉਹ ਤਿੰਨੋ ਬੁਰੀ ਤਰ੍ਹਾਂ ਅੱਗ ਨਾਲ ਝੁਲਸੇ ਹੋਏ ਸਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਤੇ ਘਟਨਾ ਦੀ ਸੂਚਨਾ ਆਦਮਪੁਰ ਪੁਲਸ ਨੂੰ ਦਿੱਤੀ।