ਪੱਟੀ – ਤਰਨਤਾਰਨ ਦੇ ਪੱਟੀ ਤੋਂ ਸਰਪੰਚੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ਅੰਦਰ ਗੋਲੀਆਂ ਚਲਾਈਆਂ ਗਈਆਂ ਅਤੇ ਘਰ ਦੀ ਭੰਨਤੋੜ ਕੀਤੀ ਗਈ।
ਇਸ ਦੌਰਾਨ ਪਿੰਡ ਚੀਮਾ ਕਲਾਂ ਦੇ ਨਵ-ਨਿਯੁਕਤ ਸਰਪੰਚ ਜਗਰੂਪ ਸਿੰਘ ਚੀਮਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਲੋਂ ਪੁਲਸ ਦੀ ਮੌਜੂਦਗੀ ‘ਚ ਹੀ ਘਰ ਅੰਦਰ ਤਾੜ ਤਾੜ ਗੋਲੀਆਂ ਚਲਾਈਆਂ ਗਈਆਂ ਅਤੇ ਪੁਲਸ ਨੇ ਮੌਕੇ ‘ਤੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।
ਇਸ ਮੌਕੇ ਸਰਪੰਚ ਦੇ ਭਰਾ ਨੇ ਦੱਸਿਆ ਕਿ ਜਦੋਂ ਜਗਰੂਪ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਸੀ, ਉਸ ਦਿਨ ਤੋਂ ਹੀ ਮੈਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਸੀ ਪਰ ਅੱਜ ਮੁਲਜ਼ਮਾਂ ਦੀ ਹੱਦ ਹੋ ਗਈ ਕਿ ਉਨ੍ਹਾਂ ਨੇ ਘਰ ਆ ਕੇ ਫਾਇਰਿੰਗ ਕੀਤੀ ਜਿਸ ‘ਚ ਸਰਪੰਚ ਜਗਰੂਪ ਸਿੰਘ ਚੀਮਾ ਗੰਭੀਰ ਜ਼ਖ਼ਮੀ ਹੋ ਗਏ ਹਨ।