ਢਾਕਾ – ਬੰਗਲਾਦੇਸ਼ ਵਿਚ ਅਕਤੂਬਰ ਮਹੀਨੇ ਵਿਚ ਡੇਂਗੂ ਨਾਲ ਸਬੰਧਤ ਬੀਮਾਰੀ ਕਾਰਨ ਕਰੀਬ 84 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਇਸ ਸਾਲ ਦੀ ਸਭ ਤੋਂ ਵੱਧ ਗਿਣਤੀ ਹੈ। ਸੋਮਵਾਰ ਨੂੰ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (DGHS) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਤੱਕ ਲਗਭਗ 1,298 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਜਿਸ ਨਾਲ ਇਸ ਮਹੀਨੇ ਕੇਸਾਂ ਦੀ ਕੁੱਲ ਗਿਣਤੀ 18,942 ਹੋ ਗਈ ਅਤੇ ਦੇਸ਼ ਭਰ ਵਿੱਚ ਐਤਵਾਰ ਤੱਕ ਲਗਭਗ 49,880 ਕੇਸਾਂ ਦੀ ਪੁਸ਼ਟੀ ਹੋਈ।
ਡੀ.ਜੀ.ਐਚ.ਐਸ ਨੇ ਐਤਵਾਰ ਨੂੰ ਡੇਂਗੂ ਦੇ ਛੇ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ, ਜਿਸ ਨਾਲ ਇਹ ਗਿਣਤੀ 247 ਹੋ ਗਈ। ਡੀ.ਜੀ.ਐਚ.ਐਸ ਅਨੁਸਾਰ ਸਤੰਬਰ ਵਿੱਚ ਡੇਂਗੂ ਬਿਮਾਰੀ ਕਾਰਨ 80, ਅਗਸਤ ਵਿੱਚ 27, ਜੁਲਾਈ ਵਿੱਚ 12 ਅਤੇ ਜੂਨ ਵਿੱਚ ਅੱਠ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡੇਂਗੂ ਦੇ ਹੋਰ ਫੈਲਣ ਨੂੰ ਰੋਕਣ ਲਈ ਬੰਗਲਾਦੇਸ਼ੀ ਸਿਹਤ ਅਧਿਕਾਰੀਆਂ ਨੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਅਤੇ ਐਂਟੀ-ਲਾਰਵਾ ਮੁਹਿੰਮਾਂ ਚਲਾਉਣ ਲਈ ਉਪਾਅ ਮਜ਼ਬੂਤ ਕੀਤੇ ਹਨ।
ਵਰਣਨਯੋਗ ਹੈ ਕਿ ਬੰਗਲਾਦੇਸ਼ ਵਿਚ 2023 ਵਿਚ ਡੇਂਗੂ ਦੀ ਬਿਮਾਰੀ ਕਾਰਨ ਲਗਭਗ 1,705 ਮੌਤਾਂ ਦੀ ਪੁਸ਼ਟੀ ਹੋਈ ਸੀ, ਜਦੋਂ ਕਿ 2022 ਵਿਚ 281 ਮੌਤਾਂ ਅਤੇ 2019 ਵਿਚ 179 ਮੌਤਾਂ ਦੀ ਪੁਸ਼ਟੀ ਹੋਈ ਸੀ। ਇੱਥੇ ਦੱਸ ਦਈਏ ਕਿ ਡੇਂਗੂ ਬੁਖਾਰ ਇੱਕ ਵਾਇਰਲ ਬਿਮਾਰੀ ਹੈ ਜੋ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਬਿਮਾਰੀ ਇੱਕ ਗੰਭੀਰ ਬਿਮਾਰੀ ਦਾ ਕਾਰਨ ਬਣਦੀ ਹੈ ਜਿਸ ਦੇ ਲੱਛਣਾਂ ਵਿੱਚ ਸਿਰ ਦਰਦ, ਤੇਜ਼ ਬੁਖਾਰ, ਥਕਾਵਟ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ, ਗ੍ਰੰਥੀਆਂ ਵਿਚ ਸੋਜ, ਉਲਟੀਆਂ ਅਤੇ ਧੱਫੜ ਸ਼ਾਮਲ ਹਨ।