ਮੋਹਾਲੀ- ਖਰੜ ਚ ਇੱਕ ਨੌਜਵਾਨ ਦਾ ਗਰਲਫਰੈਂਡ ਤੇ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਦਰਪਣ ਗਰੀਨ ਸੁਸਾਇਟੀ ਸਾਹਮਣੇ ਘਰ ’ਚ ਰਹਿੰਦੇ ਨੌਜਵਾਨ ਨਾਲ ਵਾਪਰੀ। ਕਤਲ ਹੋਏ ਨੌਜਵਾਨ ਦੀ ਪਛਾਣ 22 ਸਾਲਾ ਤੁਸ਼ਾਰ ਉਰਫ਼ ਗੋਲੂ ਵਜੋਂ ਹੋਈ ਹੈ, ਜੋ ਮੂਲ ਤੌਰ ’ਤੇ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਸੀ। ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਵਾਰਦਾਤ ਨੂੰ ਕਰੀਬ ਅੱਧੀ ਰਾਤ ਵੇਲੇ ਅੰਜਾਮ ਦਿੱਤਾ ਗਿਆ, ਜਿਸ ਦਾ ਸਵੇਰੇ ਕਰੀਬ ਸਾਢੇ 8 ਵਜੇ ਆਂਢ-ਗੁਆਂਢ ਦੇ ਲੋਕਾਂ ਨੂੰ ਪਤਾ ਪਤਾ ਲੱਗਦਿਆਂ ਸਾਰ ਇਸ ਦੀ ਸੂਚਨਾ ਪੁਲਸ ਹੈਲਪਲਾਈਨ ਨੰਬਰ 112 ’ਤੇ ਦਿੱਤੀ। ਡੀ. ਐੱਸ. ਪੀ. ਖਰੜ ਸਿਟੀ-1 ਕਰਨ ਸਿੰਘ ਸੰਧੂ, ਸੀ. ਆਈ. ਏ. ਇੰਚਾਰਜ ਹਰਮੰਦਰ ਸਿੰਘ ਤੇ ਐੱਸ. ਐੱਚ. ਓ. ਸਿਟੀ ਮਨਦੀਪ ਸਿੰਘ ਫਾਰੈਂਸਿਕ ਮਾਹਿਰਾਂ ਸਣੇ ਮੌਕੇ ‘ਤੇ ਪੁੱਜ ਗਏ। ਤੁਸ਼ਾਰ ਉਰਫ਼ ਗੋਲੂ ਦਰਪਣ ਸਿਟੀ ਗੇਟ ਨੰਬਰ-1 ਵਾਲੀ ਗਲੀ ਕੋਠੀ ਨੰਬਰ 24 ’ਚ ਪੀ. ਜੀ. ’ਚ ਆਪਣੀ ਗਰਲਫਰੈਂਡ ਤਮੰਨਾ ਵਾਸੀ ਜੀਂਦ ਨਾਲ ਲਿਵ ਇਨ ’ਚ ਰਹਿ ਰਿਹਾ ਸੀ। ਇਹ ਕੋਠੀ ਕਰੀਬ ਚਾਰ ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਜਿਸ ਦਾ ਮਾਲਕ ਕੁਲਬੀਰ ਵੀ ਜੀਂਦ ਹਰਿਆਣਾ ਨਾਲ ਹੀ ਸਬੰਧਿਤ ਦੱਸਿਆ ਜਾ ਰਿਹਾ ਐ ਜੋ ਤੁਸ਼ਾਰ ਦਾ ਦੋਸਤ ਹੈ।