ਬੁਲੰਦਸ਼ਹਿਰ — ਬੁਲੰਦਸ਼ਹਿਰ ਜ਼ਿਲ੍ਹੇ ਦੇ ਸਿਕੰਦਰਾਬਾਦ ਇਲਾਕੇ ‘ਚ ਇਕ ਬੀਮਾਰ ਔਰਤ ਦੇ ਕੋਲ ਰੱਖੇ ਆਕਸੀਜਨ ਸਿਲੰਡਰ ‘ਚ ਧਮਾਕਾ ਹੋਣ ਕਾਰਨ ਇਕ ਗਰਭਵਤੀ ਔਰਤ ਸਣੇ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 45 ਸਾਲਾ ਰੁਖਸਾਨਾ, ਜੋ ਹਾਲ ਹੀ ‘ਚ ਹਸਪਤਾਲ ਤੋਂ ਘਰ ਪਰਤੀ ਸੀ, ਉਸ ਦੇ ਪਤੀ ਰਿਆਜ਼ੂਦੀਨ, ਉਨ੍ਹਾਂ ਦੇ ਤਿੰਨ ਬੱਚਿਆਂ ਅਤੇ ਪੋਤੀ ਦੀ ਮੌਤ ਹੋ ਗਈ। ਮੰਗਲਵਾਰ ਨੂੰ ਜਦੋਂ ਇਨ੍ਹਾਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਘਰ ਲਿਆਂਦਾ ਗਿਆ ਤਾਂ ਆਸਪੁਰੀ ਕਲੋਨੀ ਵਿੱਚ ਹਰ ਪਾਸੇ ਸੋਗ ਦਾ ਮਾਹੌਲ ਬਣ ਗਿਆ।
ਬੁਲੰਦਸ਼ਹਿਰ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸਿੰਘ ਨੇ ਕਿਹਾ, “ਸਿਕੰਦਰਾਬਾਦ ਦੀ ਆਸ਼ਾਪੁਰੀ ਕਾਲੋਨੀ ਵਿੱਚ ਕੱਲ੍ਹ ਰਾਤ 8.30 ਤੋਂ 9 ਵਜੇ ਦਰਮਿਆਨ ਇੱਕ ਸਿਲੰਡਰ ਫਟ ਗਿਆ, ਜਿਸ ਕਾਰਨ ਪੂਰਾ ਘਰ ਢਹਿ ਗਿਆ। ਇਸ ਘਟਨਾ ‘ਚ ਦੋ-ਤਿੰਨ ਹੋਰ ਲੋਕ ਜ਼ਖਮੀ ਹੋ ਗਏ ਅਤੇ ਬਾਕੀ ਸੁਰੱਖਿਅਤ ਹਨ।” ਇਸ ਦੌਰਾਨ ਚੀਫ਼ ਮੈਡੀਕਲ ਅਫ਼ਸਰ ਡਾਕਟਰ ਵਿਨੈ ਕੁਮਾਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਾਰੇ ਗਏ ਛੇ ਵਿਅਕਤੀਆਂ ਵਿੱਚੋਂ ਇੱਕ ਔਰਤ ਗਰਭਵਤੀ ਸੀ।