ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਨੇ ਮੰਗਲਵਾਰ ਨੂੰ ਕਜ਼ਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ 16ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਹਨ। ਰੂਸ ਵੱਲੋਂ ਆਯੋਜਿਤ ਇਸ ਸੰਮੇਲਨ ਨੂੰ ਯੂਕਰੇਨ ‘ਚ ਸੰਘਰਸ਼ ਅਤੇ ਪੱਛਮੀ ਏਸ਼ੀਆ ‘ਚ ਵਿਗੜਦੀ ਸਥਿਤੀ ਦੇ ਵਿਚਕਾਰ ਗੈਰ-ਪੱਛਮੀ ਦੇਸ਼ਾਂ ਵੱਲੋਂ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਹਿਜ਼ਬੁੱਲਾ ਨਾਲ ਟਕਰਾਅ ਦੇ ਵਿਚਕਾਰ ਇਜ਼ਰਾਈਲ ਅਤੇ ਈਰਾਨ ਦੇ ਰਿਸ਼ਤੇ ਬਹੁਤ ਤਣਾਅਪੂਰਨ ਹੋ ਗਏ ਹਨ ਕਿਉਂਕਿ ਲੇਬਨਾਨ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਵਿੱਚ ਇੱਕ ਚੋਟੀ ਦਾ ਈਰਾਨੀ ਕਮਾਂਡਰ ਵੀ ਮਾਰਿਆ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ 1 ਅਕਤੂਬਰ ਦੀ ਰਾਤ ਨੂੰ ਈਰਾਨ ਨੇ ਇਜ਼ਰਾਈਲ ‘ਤੇ ਵੱਡਾ ਮਿਜ਼ਾਈਲ ਹਮਲਾ ਕੀਤਾ ਸੀ। ਇਜ਼ਰਾਈਲ ਦੇ ਚੈਨਲ 13 ਟੀਵੀ ਦੀਆਂ ਖ਼ਬਰਾਂ ਦੇ ਅਨੁਸਾਰ, ਈਰਾਨ ਤੋਂ ਘੱਟੋ-ਘੱਟ 200 ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਕਾਰਨ ਦੇਸ਼ ਭਰ ਵਿੱਚ ਸਾਇਰਨ ਵੱਜੇ ਅਤੇ ਲੱਖਾਂ ਲੋਕ ਪਨਾਹਗਾਹਾਂ ਵੱਲ ਭੱਜੇ।
ਈਰਾਨ ਦਾ ਕਹਿਣਾ ਹੈ ਕਿ ਇਹ ਬੰਬ ਧਮਾਕਾ ਹਮਾਸ ਦੇ ਸਿਆਸੀ ਨੇਤਾ ਇਸਮਾਈਲ ਹਾਨੀਆ, ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਅਤੇ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਕੋਰ ਕਮਾਂਡਰ ਬ੍ਰਿਗੇਡੀਅਰ ਜਨਰਲ ਅੱਬਾਸ ਨੀਲਫਰੋਸ਼ਨ ਦੀ ਹੱਤਿਆ ਦੇ ਜਵਾਬ ਵਿਚ ਕੀਤਾ ਗਿਆ ਸੀ।