ਅੰਮ੍ਰਿਤਸਰ : ਮੌਸਮ ਦੇ ਬਦਲਣ ਨਾਲ ਇਨਫਲੂਐਂਜ਼ਾ ਵਾਇਰਸ ਸਰਗਰਮ ਹੋ ਗਿਆ ਹੈ ਅਤੇ 2 ਮਹੀਨੇ ਤੋਂ 10 ਸਾਲ ਤੱਕ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਜਿਹੇ ਬੱਚੇ ਵੱਡੀ ਗਿਣਤੀ ਵਿਚ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਡਾਕਟਰਾਂ ਕੋਲ ਆ ਰਹੇ ਹਨ। ਇਨਫਲੂਐਂਜ਼ਾ ਵਾਇਰਸ ਦੇ ਲੱਛਣ ਕੋਰੋਨਾ ਵਾਇਰਸ ਨਾਲ ਮਿਲਦੇ-ਜੁਲਦੇ ਹਨ। ਜਾਣਕਾਰੀ ਮੁਤਾਬਕ ਮੌਸਮ ਵਿਚ ਬਦਲਾਅ ਦੇ ਨਾਲ ਹੀ ਇਨਫਲੂਐਂਜ਼ਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਅਕਤੂਬਰ ਤੋਂ ਮਈ ਤੱਕ ਆਪਣਾ ਪ੍ਰਭਾਵ ਦਿਖਾਉਂਦਾ ਹੈ।
ਇਨਫਲੂਐਂਜ਼ਾ ਸਾਹ ਪ੍ਰਣਾਲੀ ਨਾਲ ਸਬੰਧਤ ਬੀਮਾਰੀ ਨੂੰ ਫਲੂ ਵੀ ਕਿਹਾ ਜਾਂਦਾ ਹੈ। ਇਹ ਅਜਿਹੀ ਬੀਮਾਰੀ ਹੈ, ਜੋ ਇਨਫਲੂਐਂਜ਼ਾ ਵਾਇਰਸ ਨਾਲ ਹੁੰਦੀ ਹੈ। ਇਸ ਨਾਲ ਸਿਰ ਅਤੇ ਸਰੀਰ ਵਿਚ ਦਰਦ, ਗਲੇ ਵਿਚ ਖਰਾਸ਼, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੇ ਲੱਛਣ ਪੈਦਾ ਹੁੰਦੇ ਹਨ, ਜੋ ਗੰਭੀਰ ਹੋ ਸਕਦੇ ਹਨ। ਸਰਦੀਆਂ ਦੇ ਮਹੀਨਿਆਂ ਦੌਰਾਨ ਫਲੂ ਸਭ ਤੋਂ ਆਮ ਹੁੰਦਾ ਹੈ, ਜਦੋਂ ਬਹੁਤ ਸਾਰੇ ਲੋਕ ਇੱਕੋ ਸਮੇਂ ਬੀਮਾਰ ਹੋ ਸਕਦੇ ਹਨ। ਜ਼ਿਆਦਾਤਰ ਮਾਮਲੇ ਦਸੰਬਰ ਅਤੇ ਫਰਵਰੀ ਦੇ ਵਿਚਕਾਰ ਹੁੰਦੇ ਹਨ। ਜੇਕਰ ਸਰਕਾਰੀ ਮੈਡੀਕਲ ਕਾਲਜ ਅਧੀਨ ਆਉਂਦੇ ਬੱਚਾ ਵਿਭਾਗ ਅਤੇ ਹੋਰ ਸਿਹਤ ਵਿਭਾਗਾਂ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਗਿਣਤੀ ਵਿਚ ਉਕਤ ਲੱਛਣਾਂ ਵਾਲੇ ਬੱਚੇ ਆਪਣੇ ਮਾਪਿਆਂ ਸਮੇਤ ਇਲਾਜ ਲਈ ਆ ਰਹੇ ਹਨ।