ਲੁਧਿਆਣਾ: ਲੁਧਿਆਣਾ ’ਚ ਲੋਕ ਹਵਾ ਦੀ ਰਫ਼ਤਾਰ ਨਾਲ ਵਾਹਨ ਚਲਾ ਰਹੇ ਹਨ, ਜਿਨ੍ਹਾਂ ’ਤੇ ਨਕੇਲ ਕੱਸਣ ਲਈ ਟ੍ਰੈਫਿਕ ਪੁਲਸ ਨੇ ਹੁਣ ਚਲਾਨਾਂ ਦੀ ਗਿਣਤੀ ਵਧਾ ਦਿੱਤੀ ਹੈ। ਟ੍ਰੈਫਿਕ ਪੁਲਸ ਵੱਲੋਂ ਓਵਰਸਪੀਡ ਵਾਹਨ ਚਲਾਉਣ ਵਾਲੇ ਚਾਲਕਾਂ ਦੇ ਰੋਜ਼ਾਨਾ ਔਸਤਨ 30 ਤੋਂ 35 ਚਲਾਨ ਕੀਤੇ ਜਾ ਰਹੇ ਹਨ ਜਦਕਿ ਬੀਤੇ ਸਾਲ ਇਹ ਗਿਣਤੀ ਬੇਹੱਦ ਘੱਟ ਸੀ। ਇਸ ਸਮੇਂ ਟ੍ਰੈਫਿਕ ਪੁਲਸ ਕੋਲ ਕੁੱਲ 3 ਸਪੀਡ ਰਾਡਾਰ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਰੋਡ, ਦਿੱਲੀ ਰੋਡ ਅਤੇ ਜਲੰਧਰ ਰੋਡ ’ਤੇ ਤਾਇਨਾਤ ਕੀਤਾ ਗਿਆ ਹੈ। ਸਪੀਡ ਰਾਡਾਰ ’ਤੇ ਨਿਯੁਕਤ ਟੀਮਾਂ ਨੂੰ ਵੀ ਵਾਰੀ-ਵਾਰੀ ਹਰ ਮਹੀਨੇ ਬਦਲ ਦਿੱਤਾ ਜਾਂਦਾ ਹੈ।
ਪੁਲਸ ਵਿਭਾਗ ਦੇ ਸਾਰੇ ਯਤਨਾਂ ਦੇ ਬਾਵਜੂਦ ਲੋਕ ਓਵਰਸਪੀਡ ਦਾ ਮੋਹ ਨਹੀਂ ਤਿਆਗ ਰਹੇ। ਹੁਣ ਟ੍ਰੈਫਿਕ ਪੁਲਸ ਨੇ ਇਸ ਦਾ ਇਕ ਹੱਲ ਕੱਢਿਆ ਹੈ। ਵਿਸ਼ੇਸ਼ ਨਾਕਾਬੰਦੀ ਦੌਰਾਨ ਜਿਨ੍ਹਾਂ ਵਾਹਨ ਚਾਲਕਾਂ ਦੀ ਸਪੀਡ ਤੈਅ ਸਪੀਡ ਤੋਂ ਡੇਢ ਜਾਂ ਦੁੱਗਣੀ ਹੋਵੇਗੀ ਤਾਂ ਉਸ ਦਾ ਓਵਰਸਪੀਡ ਦੇ ਚਲਾਨ ਦੇ ਨਾਲ-ਨਾਲ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ’ਚ ਵੀ ਚਲਾਨ ਕੀਤਾ ਜਾਵੇਗਾ।ਏ. ਡੀ. ਜੀ. ਪੀ. ਟ੍ਰੈਫਿਕ ਅਮਰਦੀਪ ਸਿੰਘ ਰਾਏ ਵੀ ਆਪਣੇ ਸਖ਼ਤ ਇਰਾਦੇ ਜ਼ਾਹਿਰ ਕਰ ਚੁੱਕੇ ਹਨ ਕਿ ਆਉਣ ਵਾਲੇ ਸਮੇਂ ’ਚ ਓਵਰਸਪੀਡ ਅਤੇ ਡ੍ਰੰਕਨ ਡਰਾਈਵਿੰਗ ’ਤੇ ਨਕੇਲ ਕੱਸਣ ਲਈ ਖਾਸ ਤੌਰ ’ਤੇ ਨਾਕਾਬੰਦੀ ਕੀਤੀ ਜਾਵੇਗੀ ਅਤੇ ਅਜਿਹੇ ਚਾਲਕ ਬਖਸ਼ੇ ਨਹੀਂ ਜਾਣਗੇ, ਜਿਸ ਕਾਰਨ ਟ੍ਰੈਫਿਕ ਪੁਲਸ ਹੁਣ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ।