ਚੰਡੀਗੜ੍ਹ : ਦੀਵਾਲੀ ਮੌਕੇ ਪੰਜਾਬੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ, ਰਜਿਸਟਰੀਆਂ ‘ਚ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰਨ ਵਾਲਾ ਬਿੱਲ ਮਨਜ਼ੂਰ ਕਰ ਲਿਆ ਗਿਆ ਹੈ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਭੇਜੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖੁਦ ਲਾਈਵ ਆ ਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਖ਼ੁਸ਼ਖ਼ਬਰੀ ਅਤੇ ਦੀਵਾਲੀ ਦਾ ਤੋਹਫਾ ਹੈ ਜਿਨ੍ਹਾਂ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਐੱਨ. ਓ. ਸੀ. ਕਾਰਣ ਰੁਕਿਆ ਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਤਿੰਨ ਸਤੰਬਰ ਨੂੰ ਬਿਲ ਪੇਸ਼ ਕੀਤਾ ਸੀ। ਮੈਂ ਉਦੋਂ ਵੀ ਕਿਹਾ ਸੀ ਕਿ ਗਰੀਬਾਂ ਦੀ ਜ਼ਿੰਦਗੀ ਭਰ ਦੀ ਕਮਾਈ ਮਕਾਨ ਵਿਚ ਲੱਗ ਜਾਂਦੀ ਹੈ। ਜਿਹੜੇ ਕਲੋਨੀ ਕੱਟ ਕੇ ਚਲੇ ਗਏ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਦਾ।
ਅਸੀਂ ਐਕਟ ਲੈ ਕੇ ਆਏ ਸੀ ਜਿਸ ਵਿਚ ਬੜੀ ਡਟੇਲ ਵਿਚ ਲਿਖਿਆ ਸੀ ਕਿ ਮਿਥੀ ਤਾਰੀਖ ਤੱਕ ਕੱਟੇ ਜਾਣ ਵਾਲੇ ਪਲਾਟਾਂ ਅਤੇ ਮਕਾਨਾਂ ਦਾ ਪੰਜਾਬ ਸਰਕਾਰ ਨਿਪਟਾਰਾ ਕਰੇਗੀ। ਅਸੀਂ ਮਕਾਨ ਲੈਣ ਵਾਲਿਆਂ ਨੂੰ ਮਾਲਕ ਬਣਾਵਾਂਗੇ। ਅੱਜ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਉਹ ਵਾਅਦਾ ਪੂਰਾ ਹੋ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਅਪੀਲ ਵੀ ਕੀਤੀ ਕਿ ਹੁਣ ਜਿਹੜੀਆਂ ਕਲੋਨੀਆ ਕੱਟੀਆਂ ਜਾ ਰਹੀਂ ਹਨ ਲੋਕ ਉਸ ਬਾਰੇ ਜਾਂਚ ਜ਼ਰੂਰ ਕਰਨ।