ਚੰਡੀਗੜ੍ਹ – ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਕੋਈ ਵੀ ਜ਼ਿਮਨੀ ਚੋਣਾਂ ਨਹੀਂ ਲੜੇਗਾ। ਇਹ ਵੱਡਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਰਕਿੰਗ ਕਮੇਟੀ, ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾਂ ਪ੍ਰਧਾਨ ਦੀ ਅਹਿਮ ਮੀਟਿੰਗ ਹੋਈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ 4 ਸੀਟਾਂ ‘ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਨਹੀਂ ਉਤਾਰੇ ਜਾਣਗੇ।
ਮੀਟਿੰਗ ‘ਚ ਚਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਦੀ ਚੋਣ ਨੂੰ ਲੈ ਕੇ ਚਰਚਾ ਹੋਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ. ਦਲਜੀਤ ਚੀਮਾ ਨੇ ਕਿਹਾ ਕਿ ਕੱਲ੍ਹ ਜੋ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ੍ਰੀ ਗਿਆਨੀ ਰਘਬੀਰ ਸਿੰਘ ਦਾ ਆਇਆ ਸੀ ਕਿ ਕੋਈ ਵੀ ਤਨਖ਼ਾਹੀਆ ਸਿੱਖ ਤਨਖ਼ਾਹ ਪੂਰੀ ਕਰਨ ਤਕ ਤਨਖ਼ਾਹੀਆ ਹੀ ਰਹਿੰਦਾ ਹੈ।