ਫਰੀਦਕੋਟ- ਫਰੀਦਕੋਟ ਜ਼ਿਲ੍ਹੇ ਤੋਂ ਇਕ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਚੰਦ ਬਾਜਾ ਨੇੜੇ ਇਕ ਬੱਸ ਬੇਕਾਬੂ ਹੋ ਕੇ ਡਿਵਾਈਡਰ ‘ਚ ਜਾ ਵੱਜੀ ਤੇ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਬਾਈਕ ‘ਤੇ ਜਾਂਦੇ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੱਸ ਡਰਾਈਵਰ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਕਿਸੇ ਖ਼ਰਾਬੀ ਕਾਰਨ ਬੇਕਾਬੂ ਹੋ ਗਈ, ਜਿਸ ਕਾਰਨ ਇਹ ਇਕਦਮ ਮੁੜ ਗਈ ਤੇ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਜਾਂਦੇ ਪਤੀ-ਪਤਨੀ ‘ਤੇ ਜਾ ਚੜ੍ਹੀ।ਪੁਲਸ ਵੱਲੋਂ ਲਾਸ਼ਾਂ ਦੀ ਜਾਂਚ ਕਰਨ ਉਪਰੰਤ ਮ੍ਰਿਤਕਾਂ ਕੋਲੋਂ ਉਨ੍ਹਾਂ ਦੇ ਪਛਾਣ ਪੱਤਰ ਪ੍ਰਾਪਤ ਹੋਏ, ਜਿਸ ਤੋਂ ਉਨ੍ਹਾਂ ਦੀ ਪਛਾਣ ਮੋਗਾ ਦੇ ਪ੍ਰੀਤ ਨਗਰ ਵਾਸੀਆਂ ਵਜੋਂ ਹੋਈ ਹੈ। ਉਹ ਜੇਲ੍ਹ ‘ਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਉਪਰੰਤ ਘਰ ਵਾਪਸ ਜਾ ਰਹੇ ਸਨ, ਕਿ ਰਸਤੇ ‘ਚ ਇਹ ਦਰਦਨਾਕ ਹਾਦਸਾ ਵਾਪਰ ਗਿਆ।