ਮੰਡੀ- ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਸ਼ਨੀਵਾਰ ਰਾਤ ਭਿਆਨਕ ਹਾਦਸਾ ਵਾਪਰਿਆ। ਮਾਰੂਤੀ ਕਾਰ ਡੂੰਘੀ ਖੱਡ ‘ਚ ਡਿੱਗਣ ਨਾਲ 5 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਚੌਹਾਰਘਾਟੀ ਦੇ ਵਰਧਾਨ ‘ਚ ਵਾਪਰਿਆ। ਦੇਰ ਰਾਤ ਵਿਆਹ ਸਮਾਰੋਹ ਤੋਂ ਘਰ ਪਰਤ ਰਹੇ ਨੌਜਵਾਨਾਂ ਦੀ ਕਾਰ ਸੜਕ ਤੋਂ ਕਰੀਬ 700 ਮੀਟਰ ਹੇਠਾਂ ਖੇਤਾਂ ‘ਚ ਜਾ ਡਿੱਗੀ। ਇਸ ਦੀ ਸੂਚਨਾ ਨੇੜੇ-ਤੇੜੇ ਦੇ ਲੋਕਾਂ ਨੂੰ ਮਿਲੀ। ਤੁਰੰਤ ਪੰਚਾਇਤ ਪ੍ਰਤੀਨਿਧੀਆਂ ਨੇ ਮੌਕੇ ‘ਤੇ ਪਹੁੰਚ ਘਟਨਾ ਦੀ ਸੂਚਨਾ ਟਿੱਕਨ ਪੁਲਸ ਚੌਕੀ ਦਿੱਤੀ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਸੜਕ ਮਾਰਗ ਤੱਕ ਪਹੁੰਚਾਉਣ ਲਈ ਸਥਾਨਕ ਲੋਕਾਂ ਦੀ ਮਦਦ ਨਾਲ ਰੈਸਕਿਊ ਸ਼ੁਰੂ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਰਾਜੇਸ਼, ਗੰਗੂ, ਕਰਨ, ਸਾਗਰ ਅਤੇ ਅਜੇ ਵਜੋਂ ਹੋਈ ਹੈ। ਜਿਨ੍ਹਾਂ ‘ਚੋਂ ਇਕ 16 ਸਾਲ ਦੇ ਕਰੀਬ ਦਾ ਨਾਬਾਲਗ ਅਤੇ ਹੋਰ 5 ਦੀ ਉਮਰ 25 ਤੋਂ 30 ਦਰਮਿਆਨ ਦੱਸੀ ਜਾ ਰਹੀ ਹੈ। ਇਸ ਦੁਖ਼ਦ ਹਾਦਸੇ ਨਾਲ ਪੂਰੀ ਚੌਹਾਰਘਾਟੀ ‘ਚ ਸੋਗ ਦੀ ਲਹਿਰ ਹੈ। ਫਿਲਹਾਲ ਪੁਲਸ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਈ। ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ।