ਬਠਿੰਡ: ਪੰਚਾਇਤੀ ਚੋਣਾਂ ਦੌਰਾਨ ਹੋਈ ਲੜਾਈ ’ਚ ਗੰਭੀਰ ਜ਼ਖ਼ਮੀ ਹੋਏ ਪੰਚਾਇਤ ਮੈਂਬਰ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੋਟਫੱਤਾ ਪੁਲਸ ਨੇ 3 ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਜਸਪ੍ਰੀਤ ਸਿੰਘ ਵਾਸੀ ਬੁਰਜ ਸੇਮਾ ਨੇ ਦੱਸਿਆ ਕਿ 26 ਅਕਤੂਬਰ ਨੂੰ ਪੰਚਾਇਤੀ ਚੋਣਾਂ ਨੂੰ ਲੈ ਕੇ ਰੰਜਿਸ਼ ਕਾਰਨ ਮੁਲਜ਼ਮਾਂ ਬੌਬੀ ਸਿੰਘ, ਕੁਲਵਿੰਦਰ ਸਿੰਘ ਅਤੇ ਲਾਭ ਸਿੰਘ ਵਾਸੀ ਬੁਰਜ ਸੇਮਾ ਨੇ ਉਸ ਦੇ ਪਿਤਾ ਜਗਤਾਰ ਸਿੰਘ (47) ’ਤੇ ਲੋਹੇ ਦੀਆਂ ਪਾਈਪਾਂ ਅਤੇ ਡੰਡਿਆਂ ਆਦਿ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਬੀਤੇ ਦਿਨ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜਗਤਾਰ ਸਿੰਘ ਨੂੰ ਸਰਬ ਸੰਮਤੀ ਨਾਲ ਪੰਚਾਇਤ ਮੈਂਬਰ ਚੁਣ ਲਿਆ ਗਿਆ ਸੀ, ਜਿਸ ਕਾਰਨ ਮੁਲਜ਼ਮ ਲਾਭ ਸਿੰਘ ਨਾਰਾਜ਼ ਸੀ ਅਤੇ ਖ਼ੁਦ ਮੈਂਬਰ ਬਣਨਾ ਚਾਹੁੰਦਾ ਸੀ।