ਪੰਚਾਇਤੀ ਚੋਣਾਂ ਮੁਕੰਮਲ ਹੋਣ ਦੇ ਬਾਵਜੂਦ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਦਰਅਸਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਸੇਮਾ ’ਚ ਮਮੂਲੀ ਲੜਾਈ ਦੇ ਚਲਦਿਆਂ ਪਿੰਡ ਦੇ ਸਰਬ ਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਦੇ ਸਿਰ ਵਿੱਚ ਤੇਜਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਮ੍ਰਿਤਕ ਪੰਚਾਇਤ ਮੈਂਬਰ ਦੀ ਲਾਸ਼ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕੋਟਫੱਤਾ ਪੁਲਿਸ ਨੇ ਪੀੜਤਾਂ ਦੇ ਬਿਆਨ ’ਤੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਕਥਿਤ ਸ਼ੱਕੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਕਤਲ ਦੀ ਘਟਨਾ ਦੀ ਤਸਵੀਰ ਸਬ ਡਿਵੀਜ਼ਨ ਮੋੜ ਦੇ ਪਿੰਡ ਬੁਰਜ ਸੇਮਾ ਦੇ ਸਰਬ ਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਜਗਤਾਰ ਸਿੰਘ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਮਮੂਲੀ ਗੱਲ ਤੋਂ ਝਗੜਾ ਹੋ ਗਿਆ ਸੀ। ਇਹੀ ਝਗੜਾ ਉਸ ਸਮੇਂ ਖੂਨੀ ਰੂਪ ਧਾਰਨ ਕਰ ਗਿਆ, ਜਦੋਂ ਕਥਿਤ ਆਰੋਪੀਆਂ ਨੇ ਮ੍ਰਿਤਕ ਜਗਤਾਰ ਸਿੰਘ ਦੇ ਸਿਰ ਵਿੱਚ ਮੋਟਰਸਾਈਕਲ ਦੀ ਚੈਨ ਵਾਲੀ ਗਰਾਰੀ ਵਾਲੇ ਤੇਜ਼ ਹਥਿਆਰ ਨਾਲ ਸਿਰ ’ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਜਗਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਪਰ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਹੁਣ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।