ਬਲੀਆ- ਸਪੈਸ਼ਲ ਆਰਮਡ ਪੁਲਸ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਮੰਗਲਵਾਰ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ 29 ਜਵਾਨ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਵਿਕਰਾਂਤ ਵੀਰ ਨੇ ਬੁੱਧਵਾਰ ਨੂੰ ਦੱਸਿਆ ਕਿ ਬਿਹਾਰ ਸਪੈਸ਼ਲ ਆਰਮਡ ਪੁਲਸ ਦੀ 18ਵੀਂ ਬਟਾਲੀਅਨ ਦੀ ਟੁਕੜੀ ਦੇ ਜਵਾਨ ਮੰਗਲਵਾਰ ਨੂੰ ਦੀਵਾਲੀ ਅਤੇ ਛਠ ਤਿਉਹਾਰ ਦੇ ਮੱਦੇਨਜ਼ਰ ਸ਼ਾਤੀ ਵਿਵਸਥਾ ਸਬੰਧੀ ਡਿਊਟੀ ਲਈ ਬਿਹਾਰ ਦੇ ਰੋਹਤਾਸ ਤੋਂ ਨਿੱਜੀ ਬੱਸ ਤੋਂ ਸੀਵਾਨ ਜਾ ਰਹੇ ਸਨ। ਇਹ ਸਾਰੇ ਜਵਾਨ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬੈਰੀਆ ਖੇਤਰ ਵਿਚ ਡਿਊਟੀ ‘ਤੇ ਜਾ ਰਹੇ ਸਨ।
ਰਸਤੇ ਵਿਚ ਮੰਗਲਵਾਰ ਰਾਤ ਕਰੀਬ ਸਾਢੇ 12 ਵਜੇ ਬੈਰੀਆ ਥਾਣਾ ਖੇਤਰ ਵਿਚ ਇਕ ਪੈਟਰੋਲ ਪੰਪ ਕੋਲ ਉਨ੍ਹਾਂ ਦੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ ਵਿਚ ਪਲਟ ਗਈ। ਇਸ ਘਟਨਾ ਵਿਚ 29 ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਵਿਚੋਂ ਗੰਭੀਰ ਰੂਪ ਨਾਲ 10 ਜਵਾਨਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਦੇ 19 ਜਵਾਨਾਂ ਦਾ ਇਲਾਜ ਬੈਰੀਆ ਦੇ ਸੋਨਬਰਸਾ ਸਥਿਤ ਕਮਿਊਨਿਟੀ ਹੈਲਥ ਸੈਂਟਰ ‘ਚ ਚੱਲ ਰਿਹਾ ਹੈ।