ਚੰਡੀਗੜ੍ਹ: ਵਿਸ਼ਵ ਸਟ੍ਰੋਕ ਦਿਵਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ, ਸੀ. ਐੱਮ. ਸੀ. ਲੁਧਿਆਣਾ ਤੇ ਇੰਡੀਆ ਮੈਡਟ੍ਰੋਨਿਕ ਪ੍ਰਾਈਵੇਟ ਲਿਮਟਿਡ ਦਰਮਿਆਨ ਸਾਂਝੇਦਾਰੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਆਪਣੀ ਕਿਸਮ ਦੀ ਇਸ ਨਿਵੇਕਲੀ ਪਹਿਲ ਕਦਮੀ ਦਾ ਮਕਸਦ ਜਨਤਕ-ਨਿੱਜੀ ਭਾਈਵਾਲੀ ਤਹਿਤ ਸਟ੍ਰੋਕ ਦੇ ਮਰੀਜ਼ਾਂ ਲਈ ਬਿਹਤਰੀਨ ਇਲਾਜ ਸੇਵਾਵਾਂ ਮੁਹੱਈਆ ਕਰਵਾ ਕੇ ਸੂਬੇ ’ਚ ਸਟ੍ਰੋਕ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਸੂਬੇ ’ਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਮਿਆਰੀ ਸਿਹਤ ਸੇਵਾਵਾਂ ਤੱਕ ਪੰਜਾਬ ਦੇ ਲੋਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਭਾਈਵਾਲੀ ਨੇ ਸਟ੍ਰੋਕ ਕੇਅਰ ਲਈ ਇਕ ਹੱਬ ਤੇ ਸਪੋਕ ਮਾਡਲ ਪੇਸ਼ ਕੀਤਾ ਹੈ, ਜਿਸ ਦਾ ਮਕਸਦ ਫ਼ੌਰੀ ਢੰਗ ਤੇ ਆਪਸੀ ਤਾਲਮੇਲ ਨਾਲ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰ ਕੇ ਮਰੀਜ਼ਾਂ ਦੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦਾ ਇਕ ਨੈੱਟਵਰਕ ‘ਸਪੋਕ’ ਸੈਂਟਰਾਂ ਵਜੋਂ ਕੰਮ ਕਰੇਗਾ। ਇਨ੍ਹਾਂ ਸੈਂਟਰਾਂ ਨੂੰ ਸਟ੍ਰੋਕ ਦੇ ਮਰੀਜ਼ਾਂ ਨੂੰ ਮਕੈਨੀਕਲ ਥ੍ਰੋਮਬੈਕਟੋਮੀ ਸਮੇਤ ਐਡਵਾਂਸਡ ਇਲਾਜ ਸੁਵਿਧਾਵਾਂ ਵਾਸਤੇ ਹੱਬ ਲਈ ਰੈਫ਼ਰ ਕਰਨ ਤੋਂ ਪਹਿਲਾਂ ਮਰੀਜ਼ਾਂ ਨੂੰ ਤੁਰੰਤ ਦੇਖਭਾਲ ਤੇ ਹੋਰ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਟ੍ਰੋਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਤੇ ਸਾਨੂੰ ਇਸ ਨਾਲ ਨਜਿੱਠਣ ਲਈ ਨਵੀਨ ਪਹੁੰਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਸੂਬੇ ’ਚ ਸਟ੍ਰੋਕ ਕੇਅਰ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ।