ਪੰਜਾਬ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਝੋਨੇ ਦੀ ਖਰੀਦ ਅਤੇ ਚੁਕਾਈ ਨਾ ਹੋਣ ਦੇ ਚਲਦਿਆਂ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬੇਸ਼ੱਕ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਇੱਕ ਦੂਸਰੇ ਉੱਪਰ ਦੋਸ਼ ਮੜੇ ਜਾ ਰਹੇ ਹਨ, ਪਰ ਇਸ ਸਭ ਦੇ ਵਿਚਾਲੇ ਕਿਸਾਨ ਪਰੇਸ਼ਾਨ ਨਜ਼ਰ ਆ ਰਿਹਾ ਹੈ ਤੇ ਉਸਦਾ ਕਹਿਣਾ ਹੈ ਕਿ ਇਸ ਵਾਰ ਦੀ ਦਿਵਾਲੀ ਉਹ ਮੰਡੀਆਂ ਵਿੱਚ ਮਨਾਉਣ ਲਈ ਮਜਬੂਰ ਹੈ।
ਸਾਡੀ ਟੀਮ ਵੱਲੋਂ ਜਦੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਜਗ੍ਹਾਂ ਨਾ ਹੋਣ ਦੇ ਚੱਲਦੇ ਅਤੇ ਝੋਨੇ ਦੀ ਖਰੀਦ ਅਤੇ ਚੁਕਾਈ ਨਾ ਹੋਣ ਦੇ ਚਲਦਿਆਂ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਿਸਦੇ ਚਲਦਿਆਂ ਕਿਸਾਨ ਖੇਤਾਂ ਵਿੱਚ ਖੜੀ ਫਸਲ ਨਹੀਂ ਵੱਢ ਰਹੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਫਸਲ ਲੈ ਕੇ ਪਹੁੰਚੇ ਹਨ, ਪਰ ਹਾਲਾਤ ਜਿਉਂ ਦੇ ਤਿਉਂ ਹੀ ਨਜ਼ਰ ਆ ਰਹੇ ਹਨ। ਪਰ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੀ ਝੋਨੇ ਦੀ ਖਰੀਦ ਜਰੂਰ ਹੋਵੇਗੀ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਵਾਰ ਦਿਵਾਲੀ ਮੰਡੀ ਵਿੱਚ ਹੀ ਮਨਾਉਣੀ ਪਵੇਗੀ।
ਉੱਥੇ ਹੀ ਇੱਕ ਹੋਰ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫਤੇ ਤੋਂ ਮੰਡੀ ਵਿੱਚ ਪਰੇਸ਼ਾਨ ਹੋ ਰਿਹਾ ਹੈ ਤੇ ਰਾਤਾਂ ਵੀ ਇੱਥੇ ਹੀ ਗੁਜ਼ਾਰਨੀਆਂ ਪੈ ਰਹੀਆਂ ਹਨ। ਜੇਕਰ ਬਾਰਦਾਨਾ ਨਾਂ ਆਇਆ ਤਾਂ ਦਿਵਾਲੀ ਮੰਡੀਆਂ ਵਿੱਚ ਹੀ ਮਨਾਉਣੀ ਪਵੇਗੀ। ਉੱਥੇ ਹੀ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਪਰੇਸ਼ਾਨ ਨਜ਼ਰ ਆਉਂਦੇ ਦਿਖਾਈ ਦਿੱਤੇ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਮੰਡੀਆਂ ਵਿੱਚ ਬਾਰਦਾਨਾ ਨਹੀਂ ਆ ਰਿਹਾ, ਜਿਸ ਦੇ ਚਲਦੇ ਜਿੱਥੇ ਕਿਸਾਨ ਪਰੇਸ਼ਾਨ ਹੈ, ਉੱਥੇ ਹੀ ਸਾਨੂੰ ਵੀ ਪਰੇਸ਼ਾਨੀ ਹੋ ਰਹੀ ਐ। ਇੱਥੋਂ ਤੱਕ ਕਿ ਮਜ਼ਦੂਰਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਭੁੱਖੇ ਮਰ ਜਾਵਾਂਗੇ ਪਰ ਪੰਜਾਬ ਨਹੀਂ ਆਵਾਂਗੇ।