ਡੇਰਾ ਬਾਬਾ ਨਾਨਕ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਕਲਾਨੌਰ ‘ਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ । ਇਸ ਮੌਕੇ ਭਗਵੰਤ ਮਾਨ ਨੇ ਕਿਹਾ ਅਜੇ ਤਾਂ 75 ਸਾਲ ਪੁਰਾਣੀ ਗੰਢਾਂ ਖੋਲ੍ਹ ਰਹੇ ਹਾਂ ਜਿਸ ‘ਚ ਸਭ ਤੋਂ ਪਹਿਲਾਂ ਵਿਧਾਇਕਾਂ ਦੀ ਪੈਨਸ਼ਨ ਵਾਲੀ ਗੰਢ ਖੋਲ੍ਹੀ ਹੈ। ਉਨ੍ਹਾਂ ਕਿਹਾ ਕਈ ਵਿਧਾਇਕ 4,5 ਵਾਰ ਜਿੱਤੇ ਦੀਆਂ ਪੈਨਸ਼ਨਾਂ ਲੈ ਰਹੇ ਸਨ, ਜਿਸ ਨੂੰ ਬੰਦ ਕਰ ਕੇ ਇਕ ਪੈਨਸ਼ਨ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਰ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਵਾਲੀ ਗਰੰਟੀ ਵੀ ਪੂਰੀ ਕੀਤੀ ਹੈ ਅਤੇ ਅੱਜ ਪੂਰੇ ਪੰਜਾਬ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 45 ਹਜ਼ਾਰ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਦੇ 16 ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ। ਇਸ ਦੌਰਾਨ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਬਾਰੇ ਕਿਹਾ ਕਿ ਇਹ ਟੋਲ ਪ੍ਰਤਾਪ ਬਾਜਵਾ ਨੇ ਲਗਵਾਏ ਸੀ। ਹੁਣ ਤੱਕ ਉਹ 16 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ। ਇਸ ਕਾਰਨ ਪੰਜਾਬੀਆਂ ਦੀ ਰੋਜ਼ਾਨਾ 62 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ।