ਨੈਸ਼ਨਲ – ਆਗਰਾ ‘ਚ ਸੋਮਵਾਰ ਨੂੰ ਹਵਾਈ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਹਵਾਈ ਫੌਜ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਪਾਇਲਟ ਅਤੇ ਉਸ ਦਾ ਸਾਥੀ ਦੋ ਕਿਲੋਮੀਟਰ ਦੂਰ ਮਿਲੇ ਹਨ। ਗਨੀਮਤ ਰਹੀ ਕਿ ਪਾਇਲਟ ਨੇ ਸਮਝਦਾਰੀ ਵਰਤਦੇ ਹੋਏ ਜਹਾਜ਼ ਨੂੰ ਕਾਗਾਰੌਲ ਦੇ ਸੋਨੀਗਾ ਪਿੰਡ ਦੇ ਨੇੜੇ ਖ਼ਾਲ੍ਹੀ ਖੇਤਾਂ ‘ਚ ਕ੍ਰੈਸ਼ ਲੈਂਡਿੰਗ ਕਰਵਾਈ। ਜੇਕਰ ਆਬਾਦੀ ਵਾਲੇ ਹਿੱਸੇ ‘ਚ ਜਹਾਜ਼ ਕ੍ਰੈਸ਼ ਹੁੰਦਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ।
ਜਹਾਜ਼ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ ਅਤੇ ਅਭਿਆਸ ਲਈ ਆਗਰਾ ਜਾ ਰਿਹਾ ਸੀ, ਰਸਤੇ ‘ਚ ਹੀ ਇਹ ਹਾਦਸਾ ਵਾਪਰ ਗਿਆ। ਮੌਕੇ ਤੋਂ ਮਿਲੀਆਂ ਤਸਵੀਰਾਂ ਵਿੱਚ ਸੜ ਰਹੇ ਲੜਾਕੂ ਜਹਾਜ਼ ਦੇ ਨੇੜੇ ਲੋਕਾਂ ਦੀ ਭੀੜ ਵੇਖੀ ਜਾ ਸਕਦੀ ਹੈ, ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।