ਚੰਡੀਗੜ੍ਹ/ਲੁਧਿਆਣਾ–ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਹਮਾਇਤ ਪ੍ਰਾਪਤ ਵਿਦੇਸ਼ੀ ਮੂਲ ਦੇ ਹਰਜੀਤ ਸਿੰਘ ਉਰਫ਼ ਲਾਡੀ ਅਤੇ ਸਾਬੀ ਦੁਆਰਾ ਚਲਾਏ ਜਾ ਰਹੇ ਮਾਡਿਊਲ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸ਼ਿਵ ਸੈਨਾ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੈਟਰੋਲ ਬੰਬ ਹਮਲਿਆਂ ਦੇ ਕੇਸ ਨੂੰ ਸੁਲਝਾ ਲਿਆ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਬੂਥਗੜ੍ਹ ਜ਼ਿਲ੍ਹਾ ਲੁਧਿਆਣਾ, ਰਵਿੰਦਰ ਪਾਲ ਸਿੰਘ ਉਰਫ਼ ਰਵੀ (38), ਮਨੀਸ਼ ਸਾਹਿਦ ਉਰਫ਼ ਸੰਜੂ (30) ਅਤੇ ਅਨਿਲ ਕੁਮਾਰ ਉਰਫ਼ ਹਨੀ (27) ਤਿੰਨੋਂ ਵਾਸੀ ਰਾਹੋਂ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਅਪਰਾਧ ਕਰਨ ਲਈ ਵਰਤਿਆ ਗਿਆ ਲਾਲ ਰੰਗ ਦਾ ਟੀਵੀਐਸ ਰੇਡਰ ਮੋਟਰਸਾਈਕਲ (ਪੀਬੀ 32 ਏਸੀ 3770) ਜ਼ਬਤ ਕੀਤਾ ਹੈ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।ਦੱਸਣਯੋਗ ਹੈ ਕਿ 16 ਅਕਤੂਬਰ ਦੀ ਰਾਤ ਕਰੀਬ 9.40 ਵਜੇ ਹੈਬੋਵਾਲ, ਲੁਧਿਆਣਾ ਦੇ ਨਿਊ ਚੰਦਰ ਨਗਰ ਵਿਖੇ ਸਥਿਤ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਬੰਬ ਸੁੱਟਿਆ ਸੀ। ਇਸ ਘਟਨਾ ਤੋਂ ਕਰੀਬ ਪੰਦਰਾਂ ਦਿਨਾਂ ਬਾਅਦ ਸ਼ਨੀਵਾਰ ਦੀ ਰਾਤ ਨੂੰ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਦੇ ਘਰ ‘ਤੇ ਵੀ ਇਸੇ ਤਰ੍ਹਾਂ ਦਾ ਪੈਟਰੋਲ ਬੰਬ ਹਮਲਾ ਹੋਇਆ।
ਡੀਜੀਪੀ ਨੇ ਕਿਹਾ ਕਿ ਵਿਦੇਸ਼ੀ ਹੈਂਡਲਰ ਹਰਜੀਤ ਸਿੰਘ ਉਰਫ਼ ਲਾਡੀ ਪੰਜਾਬ ਦੇ ਨੰਗਲ ਵਿੱਚ ਵਿਕਾਸ ਪ੍ਰਭਾਕਰ ਦੇ ਕਤਲ ਵਿੱਚ ਵੀ ਲੋੜੀਂਦਾ ਮੁਲਜ਼ਮ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਉਸ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।