ਵਾਰਾਣਸੀ — ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਪਤਨੀ, ਦੋ ਪੁੱਤਰਾਂ ਅਤੇ ਇਕ ਬੇਟੀ ਸਮੇਤ ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ ਭੇਲੂਪੁਰ ਥਾਣੇ ਦੇ ਭਦੈਨੀ ਇਲਾਕੇ ‘ਚ ਸੋਮਵਾਰ ਦੇਰ ਰਾਤ ਰਾਜਿੰਦਰ ਗੁਪਤਾ ਨਾਂ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਨੀਤੂ (45), ਪੁੱਤਰਾਂ ਨਵੇਂਦਰ (25) ਅਤੇ ਸੁਬੇਂਦਰ (15) ਅਤੇ ਬੇਟੀ ਗੌਰਾਂਗੀ (16) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਸ ਅਨੁਸਾਰ ਘਟਨਾ ਤੋਂ ਬਾਅਦ ਗੁਪਤਾ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਪਤਾ ਦੇ ਘਰ ‘ਚ ਰਹਿੰਦੇ ਕਿਰਾਏਦਾਰਾਂ ਨੇ ਮੰਗਲਵਾਰ ਦੁਪਹਿਰ ਨੂੰ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਦੇ ਡਿਪਟੀ ਕਮਿਸ਼ਨਰ (ਕਾਸ਼ੀ ਜ਼ੋਨ) ਗੌਰਵ ਬੰਦਸਵਾਲ ਨੇ ਦੱਸਿਆ ਕਿ ਭੇਲੂਪੁਰ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਇੱਕ ਔਰਤ ਅਤੇ ਉਸਦੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕਾ ਦਾ ਪਤੀ ਰਾਜੇਂਦਰ ਫ਼ਰਾਰ ਹੈ।