ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਾ ਪੀਏ ਅਤੇ ਉਸਦਾ ਸਾਥੀ ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜਲੈਂਸ ਵੱਲੋਂ ਡਿਪਟੀ ਕਮਿਸ਼ਨਰ ਦੇ ਪੀਏ ਹਰਮਨਜੀਤ ਸਿੰਘ ਅਤੇ ਇੱਕ ਹੋਰ ਕਰਮਚਾਰੀ ਜਗਰੂਪ ਸਿੰਘ ਨੂੰ ਅੱਜ ਟ੍ਰੈਪ ਲਗਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਤਰਨਤਾਰਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਬੂਥਾਂ ਅਤੇ ਗਿਣਤੀ ਕੇਂਦਰਾਂ ਉੱਪਰ ਸੁਰੱਖਿਆ ਸਬੰਧੀ ਵੱਡੀ ਗਿਣਤੀ ਵਿੱਚ ਕੈਮਰਿਆਂ ਦਾ ਠੇਕਾ ਲਿਆ ਗਿਆ ਸੀ, ਜਿਸ ਦੇ ਚਲਦਿਆਂ ਉਸ ਦੀ ਬਣਦੀ ਸਰਕਾਰੀ ਰਕਮ ਦੇ ਬਿੱਲ ਡਿਪਟੀ ਕਮਿਸ਼ਨਰ ਪਾਸੋਂ ਪਾਸ ਕਰਵਾਉਣ ਸਬੰਧੀ ਪੀਏ 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਸੰਦੀਪ ਸਿੰਘ ਵੱਲੋਂ 20 ਹਜ਼ਾਰ ਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਜਦਕਿ ਅੱਜ ਬੁੱਧਵਾਰ ਦੁਪਹਿਰੇ 20 ਹਜ਼ਾਰ ਰੁਪਏ ਦੀ ਨਕਦੀ ਦੇਣ ਸਮੇਂ ਵਿਜੀਲੈਂਸ ਦੀ ਟੀਮ ਵੱਲੋਂ ਟਰੈਪ ਲਗਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਟੀਮ ਵੱਲੋਂ ਦੋਵਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।