ਚੰਡੀਗੜ੍ਹ/ਫਿਰੋਜ਼ਪੁਰ : ਪੰਜਾਬ ਸਰਕਾਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਡੀ. ਏ. ਪੀ. ਦੀ ਅਣ-ਅਧਿਕਾਰਤ ਸਟੋਰੇਜ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਫਿਰੋਜ਼ਪੁਰ ਦੀ ਅਸਾਮੀ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਵੱਖ-ਵੱਖ ਗੋਦਾਮਾਂ ਦੀ ਚੈਕਿੰਗ ਕਰਵਾਈ ਗਈ ਸੀ। ਇਸ ‘ਤੇ ਪਾਇਆ ਗਿਆ ਕਿ ਇਕ ਫ਼ਰਮ ਵਲੋਂ ਨਾਜਾਇਜ਼ ਤੌਰ ‘ਤੇ 161.8 ਐੱਮ. ਟੀ. ਡੀ. ਏ. ਪੀ. ਖ਼ਾਦ ਦੀ ਅਣ-ਅਧਿਕਾਰਤ ਤੌਰ ‘ਤੇ ਸਟੋਰੇਜ ਕੀਤੀ ਗਈ ਹੈ। ਪੜਤਾਲ ਦੌਰਾਨ ਫਰਮ ਦੇ ਮਾਲਕਾਂ ਵਲੋਂ ਗੋਦਾਮਾਂ ‘ਚ ਪਈ ਖ਼ਾਦ ਦਾ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।
ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ, ਜਦੋਂ ਕਿ ਡੀ. ਏ. ਪੀ. ਖ਼ਾਦ ਦੀ ਕਮੀ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਇਸ ਸਬੰਧੀ ਚੈਕਿੰਗ ਕਰਨ ਲਈ ਹੁਕਮ ਜਾਰੀ ਕੀਤੇ ਜਾਂਦੇ ਰਹੇ ਹਨ। ਇਸ ਗੰਭੀਰ ਕੁਤਾਹੀ ਕਾਰਨ ਮੁੱਖ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।