ਗਿੱਦੜਬਾਹਾ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗਿੱਦੜਬਾਹਾ ਦੇ ਗੁਰੂਸਰ ਵਿਚ ਆਪਣੇ ਉਮੀਦਵਾਰ ਡਿੰਪੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਦੇ ਇਤਿਹਾਸ ਲਿਖਿਆ ਹੋਇਆ ਹੈ। ਲੋਕਾਂ ਨੇ ਸਾਡੇ ‘ਤੇ ਭਰੋਸਾ ਕਰਕੇ ਸਾਨੂੰ 92 ਸੀਟਾਂ ਦਿੱਤੀਆਂ ਹਨ ਅਤੇ ਅਸੀਂ ਕੰਮ ਵੀ ਕਰ ਰਹੇ ਹਾਂ।
ਮਨਪ੍ਰੀਤ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਸਾਧਦੇ ਭਗਵੰਤ ਮਾਨ ਨੇ ਕਿਹਾ ਕਿ ਸਰਕਾਰਾਂ ਕੋਲ ਕਦੇ ਪੈਸੇ ਦੀ ਘਾਟ ਨਹੀਂ ਹੁੰਦੀ ਸਿਰਫ਼ ਨੀਅਤ ਦੀ ਘਾਟ ਹੁੰਦੀ ਹੈ। ਪਿਛਲੇ ਖ਼ਜ਼ਾਨਾ ਮੰਤਰੀ ਹਮੇਸ਼ਾ ਇਹੀ ਕਹਿੰਦੇ ਰਹੇ ਹਨ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਬਿਨਾਂ ਨਾਂ ਲਏ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਖ਼ਜਾਨਾ ਮੰਤਰੀ 16 ਸਾਲ ਤੱਕ ਉਰਦੂ ਬੋਲ ਕੇ ਚਲੇ ਗਏ।
ਭਾਸ਼ਾ ਉਹੀ ਬੋਲੀ ਜਾਣੀ ਚਾਹੀਦੀ ਹੈ,ਜੋ ਲੋਕਾਂ ਨੂੰ ਸਮਝ ਆਵੇ। ਉਨ੍ਹਾਂ ਕਿਹਾ ਕਿ 77 ਸਾਲ ਹੋ ਗਏ ਹਨ ਭਾਰਤ ਨੂੰ ਆਜ਼ਾਦ ਹੋਏ ਅਤੇ ਅਮਰੀਕਾ ਵਾਲੇ ਮੰਗਲ ਗ੍ਰਹਿ ‘ਤੇ ਪਲਾਟ ਕੱਟਣ ਨੂੰ ਫਿਰਦੇ ਹਨ ਪਰ ਗਿੱਦੜਬਾਹਾ ਦੇ ਅਜੇ ਤੱਕ ਸੀਵਰੇਜ ਦੇ ਢੱਕਣ ਤੱਕ ਨਹੀਂ ਪੂਰੇ ਨਹੀਂ ਹੋਏ ਹਨ, ਜਿਨ੍ਹਾਂ ਨੂੰ ਸਾਡੀ ਸਰਕਾਰ ਲਗਵਾ ਰਹੀ ਹੈ। ਪਿੰਡਾਂ ਵਾਲਿਆਂ ਨੂੰ ਉਦਾ ਹੀ ਛੱਪੜਾਂ ਵਿਚ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ।