ਇਸਲਾਮਾਬਾਦ – ਪਾਕਿਸਤਾਨ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਵਿੱਚ ਸੁਰੱਖਿਆ ਬਲਾਂ ਦੇ ਇੱਕ ਵਾਹਨ ਦੇ ਨੇੜੇ ਸੜਕ ਕਿਨਾਰੇ ਇੱਕ ਬੰਬ ਧਮਾਕਾ ਹੋਣ ਕਾਰਨ ਘੱਟੋ-ਘੱਟ 4 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਵੀਰਵਾਰ ਨੂੰ ਦਿੱਤੀ।
ਇੱਕ ਹੋਰ ਘਟਨਾ ਵਿੱਚ, ਖੈਬਰ ਪਖਤੂਨਖਵਾ (ਕੇਪੀ) ਸੂਬੇ ਦੀ ਤਿਰਾਹ ਘਾਟੀ ਵਿੱਚ ਇੱਕ ਸੜਕ ਦੇ ਨੇੜੇ ਅੱਤਵਾਦੀਆਂ ਦੁਆਰਾ ਦਾਗਿਆ ਗਿਆ ਇੱਕ ਮੋਰਟਾਰ ਡਿੱਗਣ ਨਾਲ 2 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਖੇਤਰ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।