ਉੱਤਰ ਪ੍ਰਦੇਸ਼ ਦੇ ਬਾਂਦਾ ਤੋਂ ਇਕ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਦਿਓਰ ਨੇ ਮਜ਼ਾਕ ਵਿਚ ਗੁੱਸੇ ਹੋ ਕੇ ਆਪਣੀ ਭਰਜਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਪੁਲਸ ਨੇ 3 ਨਵੰਬਰ ਨੂੰ ਮਹਿਲਾ ਦੇ ਕਤਲ ਮਾਮਲੇ ਦਾ ਖੁਲਾਸਾ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕਤਲ ਨਰੈਣੀ ਕੋਤਵਾਲੀ ਇਲਾਕੇ ਦੇ ਪਿੰਡ ਪਦਮਈ ਵਿੱਚ ਹੋਇਆ ਹੈ। ਇਸ ਮੌਕੇ ‘ਤੇ ਗੱਲਬਾਤ ਕਰਦੇ ਹੋਏ ਵਧੀਕ ਪੁਲਸ ਸੁਪਰਡੈਂਟ ਸ਼ਿਵਰਾਜ ਨੇ ਦੱਸਿਆ ਕਿ ਸੁਨੀਲ ਕੁਸ਼ਵਾਹਾ ਨੂੰ ਉਸਦੀ ਰਿਸ਼ਤੇ ਵਿਚ ਲੱਗਦੀ ਭਾਬੀ ਆਸ਼ਾ ਦੇ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਜਦੋਂ ਉਸ ਨੂੰ ਭਾਬੀ ਦਾ ਮਜ਼ਾਕ ਬੁਰਾ ਲੱਗਿਆ ਤਾਂ ਉਸ ਨੇ ਉਸ ‘ਤੇ ਡੰਡੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਜਦੋਂ ਔਰਤ ਬੇਹੋਸ਼ ਹੋ ਗਈ ਤਾਂ ਉਸ ਨੂੰ ਇੱਟ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਘਟਨਾ 3 ਨਵੰਬਰ ਦੀ ਰਾਤ ਨੂੰ ਵਾਪਰੀ ਹੈ, ਜਦੋਂ ਸੁਨੀਲ ਛੱਤ ਦੇ ਰਾਸਤੇ ਰਾਹੀਂ ਆਸ਼ਾ ਦੇ ਘਰ ਦਾਖਲ ਹੋਇਆ ਸੀ। ਆਸ਼ਾ ਦੇ ਸੌਣ ਤੋਂ ਬਾਅਦ ਉਸ ਨੇ ਪਹਿਲਾਂ ਉਸ ਨੂੰ ਡੰਡੇ ਨਾਲ ਮਾਰ ਕੇ ਬੇਹੋਸ਼ ਕੀਤਾ ਅਤੇ ਫਿਰ ਉਸ ਨੂੰ ਘਸੀਟ ਕੇ ਬਾਹਰ ਲੈ ਗਿਆ। ਇਸ ਤੋਂ ਬਾਅਦ ਉਸ ਨੇ ਆਸ਼ਾ ਦੇ ਸਿਰ ਵਿਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲਾਸ਼ ਦੇ ਨਿਪਟਾਰੇ ਲਈ ਇਸ ਨੂੰ ਕੂੜੇ ਅਤੇ ਪੱਤਿਆਂ ਦੇ ਢੇਰ ਵਿੱਚ ਛੁਪਾ ਦਿੱਤਾ ਗਿਆ।
ਇਸ ਘਟਨਾ ਦਾ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਕਿ ਜਦੋਂ ਆਸ਼ਾ ਦਾ ਬੱਚਾ ਰੋਣ ਲੱਗਾ ਅਤੇ ਉਹ ਕਿਤੇ ਨਜ਼ਰ ਨਹੀਂ ਆਈ। ਪਰਿਵਾਰਕ ਮੈਂਬਰਾਂ ਨੇ ਉਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ ਤੋਂ ਬਰਾਮਦ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ।