ਲਖਨਊ- ਔਰਤਾਂ ਨੂੰ ਲੈ ਕੇ ਮਹਿਲਾ ਕਮਿਸ਼ਨ ਇਕ ਨਵਾਂ ਫੁਰਮਾਨ ਜਾਰੀ ਕੀਤਾ ਹੈ। ਦਰਅਸਲ ਮਹਿਲਾ ਕਮਿਸ਼ਨ ਨੇ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਦੇ ਤਹਿਤ ਪੁਰਸ਼ ਦਰਜੀ ਹੁਣ ਔਰਤਾਂ ਦੇ ਕੱਪੜਿਆਂ ਦੇ ਨਾਪ ਨਹੀਂ ਲੈ ਸਕਦੇ ਅਤੇ ਨਾ ਹੀ ਕੋਈ ਪੁਰਸ਼, ਔਰਤਾਂ ਨੂੰ ਜਿਮ ਜਾਂ ਯੋਗ ਸੈਸ਼ਨਾਂ ‘ਚ ਉਨ੍ਹਾਂ ਨੂੰ ਟ੍ਰੇਨਿੰਗ ਦੇ ਸਕਣਗੇ। ਇਹ ਫ਼ੈਸਲਾ ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਵਲੋਂ ਲਿਆ ਗਿਆ ਹੈ।
ਕਮਿਸ਼ਨ ਦੀ ਮੈਂਬਰ ਹਿਮਾਨੀ ਅਗਰਵਾਲ ਨੇ ਸ਼ੁੱਕਰਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ 28 ਅਕਤੂਬਰ ਨੂੰ ਹੋਈ ਕਮਿਸ਼ਨ ਦੀ ਬੈਠਕ ‘ਚ ਇਹ ਪ੍ਰਸਤਾਵ ਰੱਖਿਆ ਗਿਆ ਹੈ ਕਿ ਔਰਤਾਂ ਦੇ ਕੱਪੜਿਆਂ ਦਾ ਨਾਪ ਸਿਰਫ਼ ਮਹਿਲਾ ਦਰਜੀ ਹੀ ਲੈਣ ਅਤੇ ਜਿਸ ਥਾਂ ਨਾਪ ਲਿਆ ਜਾ ਰਿਹਾ ਹੋਵੇ, ਉੱਥੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ। ਮਹਿਲਾ ਕਮਿਸ਼ਨ ਦੀ ਪ੍ਰਧਾਨ ਬੀਤਾ ਚੌਹਾਨ ਨੇ ਪ੍ਰਸਤਾਵ ਰੱਖਿਆ, ਜਿਸ ਦਾ ਬੈਠਕ ਵਿਚ ਮੌਜੂਦ ਮੈਂਬਰਾਂ ਨੇ ਸਮਰਥਨ ਕੀਤਾ।
ਮਹਿਲਾ ਕਮਿਸ਼ਨ ਨੇ ਅਜਿਹਾ ਪ੍ਰਸਤਾਵ ਕਿਉਂ ਰੱਖਿਆ, ਇਸ ‘ਤੇ ਹਿਮਾਨੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪੁਰਸ਼ ਵੀ ਇਸ ਤਰ੍ਹਾਂ ਦੇ ਪੇਸ਼ੇ ‘ਚ ਸ਼ਾਮਲ ਹੁੰਦੇ ਹਨ ਅਤੇ ਨਾਪ ਲੈਂਦੇ ਸਮੇਂ ਔਰਤਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਪੁਰਸ਼ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਬੰਦਿਆਂ ਦੀ ਨੀਅਤ ਵੀ ਚੰਗੀ ਨਹੀਂ ਹੁੰਦੀ। ਹਾਲਾਂਕਿ ਅਜਿਹਾ ਨਹੀਂ ਹੈ ਕਿ ਸਾਰੇ ਬੰਦਿਆਂ ਦੇ ਇਰਾਦੇ ਬੁਰੇ ਹੁੰਦੇ ਹਨ। ਇਸ ਲਈ ਔਰਤਾਂ ਨੂੰ ਹੀ ਨਾਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਪ੍ਰਸਤਾਵ ਹੈ ਅਤੇ ਅਸੀਂ ਕਿਹਾ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਅਸੀਂ ਸੂਬਾ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਬਣਾਉਣ ਦੀ ਬੇਨਤੀ ਕਰਾਂਗੇ।