ਚੰਡੀਗੜ੍ਹ ਦੇ ਕਿਸਾਨ ਭਵਨ ’ਚ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਬੀਕੇਯੂ (ਰਾਜੇਵਾਲ), ਪ੍ਰੇਮ ਸਿੰਘ ਭੰਗੂ ਪ੍ਰਧਾਨ ਆਲ ਇੰਡੀਆ ਕਿਸਾਨ ਫੈਡਰੇਸ਼ਨ, ਕੰਵਲਪ੍ਰੀਤ ਸਿੰਘ ਪੰਨੂ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਹਾਜ਼ਰ ਰਹੇ। ਨਾਲ ਹੀ ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ ਵਰਪਾਲ, ਕਿਰਪਾਲ ਸਿੰਘ ਸਿਓ, ਪਰਮਦੀਪ ਸਿੰਘ ਬੈਦਵਾਨ, ਅਤੇ ਗੁਰਵਿੰਦਰ ਸਿੰਘ ਤੋਂ ਇਲਾਵਾ ਹੋਰ ਆਗੂ ਨਜ਼ਰ ਆਏ।
ਪ੍ਰੈੱਸ ਕਾਨਫ਼ਰੰਸ ਦੌਰਾਨ ਸਭ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਦ ਉਨ੍ਹਾਂ ਵੱਖ ਵੱਖ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਆਪਣੀਆਂ ਮੰਗਾਂ ਰੱਖੀਆ। ਮੰਗਾਂ ਦੌਰਾਨ ਕਿਸਾਨ ਆਗੂਆਂ ਨੇ ਸਿੰਚਾਈ ਵਿਭਾਗ ਦੇ ਪਟਵਾਰੀਆਂ ਨੂੰ ਰਿਕਾਰਡ ਵਿੱਚ ਫਰਜ਼ੀ ਐਂਟਰੀਆਂ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਵੱਡੀ ਅਣ-ਸਿੰਣਜੀ ਜ਼ਮੀਨ ਨੂੰ ਨਹਿਰੀ ਸਿੰਜਾਈ ਵਾਲੇ ਖੇਤਰ ਵਜੋਂ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਗੈਰ-ਕਾਨੂੰਨੀ ਅਤੇ ਝੂਠੀ ਯੋਜਨਾ ਨੂੰ ਸਿਰੇ ਤੋਂ ਨਕਾਰਨ ਵਾਲੇ ਪਟਵਾਰੀਆਂ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ ਅਤੇ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਅਜਿਹਾ ਕਰਕੇ ਪਾਣੀਆਂ ਦੇ ਵਿਵਾਦ ਨੂੰ ਲੈ ਕੇ ਸੂਬੇ ਦੇ ਕੇਸ ਨੂੰ ਵੀ ਕਮਜ਼ੋਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਰਾਜਸਥਾਨ ਅਤੇ ਹਰਿਆਣਾ ਵਰਗੇ ਗੈਰ-ਰਿਪੇਰੀਅਨ ਰਾਜਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੀ ਸਹੂਲਤ ਪ੍ਰਦਾਨ ਕਰਨ ਦਾ ਇੱਕ ਡਿਜ਼ਾਇਨ ਹੈ ਜਿਸ ਦੇ ਮੁਤਾਬਕ ਪੰਜਾਬ ਕੋਲ ਵਾਧੂ ਪਾਣੀ ਹੈ ਕਿਉਂਕਿ ਇਸਦੀ ਸਾਰੀ ਜ਼ਮੀਨ ਨਹਿਰੀ ਸਿੰਜਾਈ ਵਾਲੀ ਹੈ। ਇਸ ਨਾਲ ਵਿਵਾਦਿਤ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਨੂੰ ਜਾਇਜ਼ਤਾ ਮਿਲੇਗੀ ਹਾਂਲਾਕਿ ਸੂਬੇ ਕੋਲ ਵਾਧੂ ਪਾਣੀ ਹੈ ਹੀ ਨਹੀਂ। ਕਿਉਂਕਿ ਸਿਰਫ਼ 27 ਫੀਸਦੀ ਜ਼ਮੀਨ ਹੀ ਨਹਿਰੀ ਸਿੰਜਾਈ ਵਾਲੀ ਹੈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਚੌਣਾਂ ਤੋਂ ਬਾਅਦ ਦਰਿਆਈ ਪਾਣੀ ਦੇ ਵਿਵਾਦ, ਵਾਤਾਵਰਨ ਪ੍ਰਦੂਸ਼ਣ ਅਤੇ ਸੂਬੇ ਦੇ ਸੰਘੀ ਢਾਂਚੇ ‘ਤੇ ਲਗਾਤਾਰ ਹਮਲੇ ਨੂੰ ਲੈ ਕੇ ਮੋਰਚਾ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਰੱਖੀ। ਉਨ੍ਹਾਂ ਚੇਤਾਵਨੀ ਜਾਰੀ ਕਰਦਿਆਂ ਗੰਭੀਰ ਨੋਟਿਸ ਲੈਂਦਿਆ ਕਿਹਾ ਕਿ ਭਾਜਪਾ ਅਤੇ ਸੂਬਾ ਸਰਕਾਰ ਦੇ ਕਹਿਣ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ। ਜੇਕਰ ਕਿਸਾਨਾਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਐੱਸਕੇਐੱਮ ਆਉਣ ਵਾਲੇ ਦਿਨਾਂ ’ਚ ਸਖ਼ਤ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਜਗਰਾਉਂ ਵਿਖੇ 21 ਮਈ ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਇਸ ਰੈਲੀ ਵਿੱਚ ਇੱਕ ਲੱਖ ਤੋਂ ਵੱਧ ਕਿਸਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੀ ਇਸ ਰੈਲ੍ਹੀ ਦੌਰਾਨ ਕਿਸਾਨ ਭਾਜਪਾ ਦੇ ਸਰਮਾਏਦਾਰ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦੇਣਗੇ।