ਜ਼ੀਰਕਪੁਰ: ਸੈਲੂਨ ਦੀ ਆੜ ’ਚ ਦੇਹ ਵਪਾਰ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ ਸੈਲੂਨ ਚਲਾਉਣ ਵਾਲੀ ਔਰਤ ਸਮੇਤ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇੰਦਰਜੀਤ ਵਾਸੀ ਮਕਾਨ ਨੰਬਰ-15, ਵਿਕਟੋਰੀਆ ਸਿਟੀ ਭਬਾਤ ਜ਼ੀਰਕਪੁਰ, ਸੰਜੇ ਕੁਮਾਰ, ਵਰਿੰਦਰ ਸਿੰਘ ਉਰਫ਼ ਮਠਾੜੂ ਤੇ ਰਾਹੁਲ (ਸਾਰੇ ਵਾਸੀ ਲੁਧਿਆਣਾ) ਵਜੋਂ ਹੋਈ ਹੈ। ਇੰਨਾ ਹੀ ਨਹੀਂ, ਇਤਰਾਜ਼ਯੋਗ ਹਾਲਤ ’ਚ ਮਿਲੀਆਂ ਕੁੜੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।
ਡੀ. ਐੱਸ. ਪੀ. ਜਸਪਿੰਦਰ ਸਿੰਘ ਗਿੱਲ ਅਨੁਸਾਰ ਰੰਜਨ ਪਲਾਜ਼ਾ ਕਾਲੋਨੀ ਦੇ ਸ਼ੋਅਰੂਮਾਂ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਛਾਪੇਮਾਰੀ ਦੌਰਾਨ ਪਾਇਆ ਕਿ ਪਹਿਲੀ ਮੰਜ਼ਿਲ ’ਤੇ ਸੈਲੂਨ ਕਈ ਕੈਬਿਨਾਂ ’ਚ ਵੰਡਿਆ ਸੀ। ਨੌਜਵਾਨ ਅਤੇ ਔਰਤਾਂ ਘੰਟਿਆਂ ਦੇ ਹਿਸਾਬ ਨਾਲ ਠਹਿਰਦੇ ਸਨ।ਇਤਰਾਜ਼ਯੋਗ ਹਾਲਤ ’ਚ ਮਿਲੀਆਂ ਕੁੜੀਆਂ ਨੇ ਪੁੱਛਗਿੱਛ ਦੌਰਾਨ ਹੈਰਾਨ ਕਰਦਾ ਖ਼ੁਲਾਸਾ ਕੀਤਾ ਕਿ ਉਕਤ ਔਰਤ ਸਮੇਤ ਪੰਜ ਜਣੇ ਸੈਲੂਨ ਨੂੰ ਚਲਾ ਰਹੇ ਹਨ, ਜਿਨ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਸਨ। ਨੌਕਰੀ ਦੀ ਭਾਲ ’ਚ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੀਆਂ ਕੁੜੀਆਂ ’ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ। ਅਜਿਹੀਆਂ ਕੁੜੀਆਂ ਸੰਪਰਕ ’ਚ ਸਨ, ਜੋ ਕੁੱਝ ਘੰਟਿਆਂ ’ਚ ਜ਼ਿਆਦਾ ਪੈਸੇ ਮਿਲਣ ’ਤੇ ਦੇਹ ਵਪਾਰ ਲਈ ਮਜਬੂਰ ਹੋ ਜਾਂਦੀਆਂ ਹਨ।