ਰੀਓ ਡੀ ਜੇਨੇਰੀਓ- ਜੀ-20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਮੀਟਿੰਗ ਵਾਲੀ ਥਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮੇਜ਼ਬਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਅਤੇ ਫਿਰ ਜੱਫੀ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਦੋਵੇਂ ਨੇਤਾ ਕਾਫੀ ਦੇਰ ਤੱਕ ਗੱਲਬਾਤ ਕਰਦੇ ਰਹੇ। ਇਸ ਦੌਰਾਨ ਦੋਹਾਂ ਨੇਤਾਵਾਂ ਦੀ ਦੋਸਤੀ ਦੀ ਝਲਕ ਵੀ ਨਜ਼ਰ ਆਈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਪੀ. ਐੱਮ. ਮੋਦੀ ਦੇ ਮੋਢੇ ’ਤੇ ਹੱਥ ਰੱਖ ਕੇ ਕਾਫੀ ਦੇਰ ਤੱਕ ਉਨ੍ਹਾਂ ਨਾਲ ਗੱਲਾਂ ਕਰਦੇ ਰਹੇ। ਬ੍ਰਾਜ਼ੀਲ ਵਿਚ ਪ੍ਰਧਾਨ ਮੰਤਰੀ ਮੋਦੀ ‘ਟ੍ਰੋਇਕਾ’ ਦੇ ਮੈਂਬਰ ਵਜੋਂ 19ਵੇਂ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਭਾਰਤ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਨਾਲ ਜੀ-20 ‘ਟ੍ਰੋਇਕਾ’ ਦਾ ਹਿੱਸਾ ਹੈ। ‘ਟ੍ਰੋਇਕਾ’ ਵਿਚ ਮੌਜੂਦਾ ਸਮੇਂ ਵਿਚ, ਸਾਬਕਾ ਅਤੇ ਅਗਲੇ ਜੀ-20 ਦੇ ਚੇਅਰਪਰਸਨ ਸ਼ਾਮਲ ਹੁੰਦੇ ਹਨ ਅਤੇ ਇਹ ਤਿੰਨੋਂ ਮੈਂਬਰ ਜੀ-20 ਸੰਮੇਲਨ ਦੀ ਤਿਆਰੀ ਵਿਚ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ। ਮੋਦੀ ਦੇ ਨਾਲ-ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਵੀ ਸੰਮੇਲਨ ’ਚ ਹਿੱਸਾ ਲੈਣ ਵਾਲੇ ਨੇਤਾਵਾਂ ’ਚ ਸ਼ਾਮਲ ਹਨ।