ਪੰਜਾਬ ’ਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਭਲਕੇ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਕੁੱਲ 45 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਇਹ ਚੋਣਾਂ ਬੇਹੱਦ ਅਹਿਮ ਹਨ। ਸਭ ਦੀਆਂ ਨਜ਼ਰਾਂ ਇਸ ਉਪਰ ਲੱਗੀਆਂ ਹਨ ਕਿ ਪੰਜਾਬ ‘ਚ ਇਸ ਵਾਰ ਫਿਰ ਆਮ ਆਦਮੀ ਪਾਰਟੀ (ਆਪ ( ਦਾ ਸਿੱਕਾ ਚੱਲੇਗਾ ਜਾਂ ਕਾਂਗਰਸ ਕਰੇਗਾ ਮੈਦਾਨ ਫਤਹਿ ਕੇਰਗੀ।
ਰਾਜਨੀਤਿਕ ਵਿਸ਼ਲੇਸ਼ਕਾਂ ਮੁਤਾਬਿਕ ਇਹ ਨਤੀਜੇ 2027 ਦੇ ਵਿਧਾਨਸਭਾ ਚੋਣਾਂ ਲਈ ਰੁਝਾਨ ਸੈੱਟ ਕਰਨਗੇ। ਇਸ ਕਾਰਨ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਦੇ ਸਾਂਸਦ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਰੰਧਾਵਾ ਲਈ ਇਸ ਉਪਚੋਣ ਦਾ ਮਹੱਤਵ ਕਾਫੀ ਵਧੇਰੇ ਹੈ। ਨਤੀਜੇ ਇਹ ਵੀ ਫੈਸਲਾ ਕਰਨਗੇ ਕਿ ਆਮ ਆਦਮੀ ਪਾਰਟੀ (ਆਪ) ਵਿੱਚ ਕੌਣ ਹਾਲਾਤਾਂ ਨੂੰ ਨਿਯੰਤ੍ਰਿਤ ਕਰਦਾ ਹੈ। ਭਾਜਪਾ ਲਈ, ਉਪਚੋਣ ਇਹ ਸਾਬਤ ਕਰੇਗੀ ਕਿ ਕੀ ਉਹ ਪੰਜਾਬ ਵਿੱਚ “ਤੀਜੀ ਤਾਕਤ” ਵਜੋਂ ਉਭਰ ਸਕਦੀ ਹੈ ਜਾਂ ਨਹੀਂ।
ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਗੈਰਹਾਜ਼ਰ ਹੋਣ ਨਾਲ, ਸਿੱਖ ਰੈਡਿਕਲ ਵੋਟਰਾਂ ਦੀ ਪਸੰਦ ਬਾਰੇ ਵੀ ਪਤਾ ਲੱਗੇਗਾ। ਇੱਕ ਰਣਨੀਤਿਕ ਫੈਸਲੇ ਦੇ ਤਹਿਤ, ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ, ਡੇਰਾ ਬਾਬਾ ਨਾਨਕ ਤੋਂ ਰਵੀ ਕਾਹਲੋਂ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਠੰਡਲ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਤਿੰਨੇ ਹੀ ਸਾਬਕਾ ਅਕਾਲੀ ਨੇਤਾ ਹਨ।
ਚਾਰ ਵਿਧਾਨਸਭਾ ਹਲਕਿਆਂ ਵਿੱਚ ਆ ਰਹੀਆਂ ਰਿਪੋਰਟਾਂ ਦੇ ਮੁਤਾਬਕ, ਗਿੱਦੜਬਾਹਾ ਵਿੱਚ ਮੁਕਾਬਲਾ ਤ੍ਰਿਕੋਣਾ ਦਿਖਾਈ ਦੇ ਰਿਹਾ ਹੈ। ਇੱਥੇ ਕਾਂਗਰਸ ਦੇ ਉਮੀਦਵਾਰ ਅਮ੍ਰਿਤਾ ਵੜਿੰਗ, ਆਪ ਦੇ ਉਮੀਦਵਾਰ ਅਤੇ ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਭਾਜਪਾ ਦੇ ਮਨਪ੍ਰੀਤ ਬਾਦਲ ਇੱਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਮਤਾਬਕ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਅਕਾਲੀ ਵੋਟਾਂ ਮਿਲਣਗੀਆਂ, ਉਹ ਜੇਤੂ ਹੋ ਸਕਦਾ ਹੈ।
ਬਰਨਾਲਾ ਵਿੱਚ, ਆਪ ਦੇ ਬਾਗ਼ੀ ਗੁਰਦੀਪ ਸਿੰਘ ਬਾਠ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਸਮੀਕਰਨ ਖਰਾਬ ਕਰ ਰਹੇ ਹਨ, ਜਿਸ ਨਾਲ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੂੰ ਮਜ਼ਬੂਤੀ ਮਿਲ ਰਹੀ ਹੈ।
ਡੇਰਾ ਬਾਬਾ ਨਾਨਕ ਵਿੱਚ, ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ, ਜੋ ਸੁਖਜਿੰਦਰ ਰੰਧਾਵਾ ਦੀ ਪਤਨੀ ਹੈ, ਦੀ ਟੱਕਰ ਆਪ ਦੇ ਗੁਰਦੀਪ ਸਿੰਘ ਰੰਧਾਵਾ ਨਾਲ ਹੈ, ਜਿਨ੍ਹਾਂ ਨੂੰ ਅਕਾਲੀ ਆਗੂ ਸੁਚਾ ਸਿੰਘ ਲੰਗਾਹ ਦਾ ਸਮਰਥਨ ਮਿਲ ਰਿਹਾ ਹੈ। ਇਹ ਹਲਕਾ ਕਾਂਗਰਸ ਦਾ ਗੜ੍ਹ ਰਿਹਾ ਹੈ, ਪਰ ਇਸ ਵਾਰ ਅਕਾਲੀ ਦਲ ਦੇ ਗੈਰਹਾਜ਼ਰ ਹੋਣ ਨਾਲ, ਆਪ ਕਾਂਗਰਸ ਦੇ ਗੇੜੇ ਪੈ ਸਕਦੀ ਹੈ।