ਡੇਰਾ ਬਾਬਾ ਨਾਨਕ – ਪੰਜਾਬ ’ਚ 4 ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਰਾਖਵਾਂ) ਅਤੇ ਬਰਨਾਲਾ ’ਚ ਵੋਟਾਂ 20 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਗਿਣਤੀ 23 ਨਵੰਬਰ ਨੂੰ ਹੋਵੇਗੀ। ਇਨ੍ਹਾਂ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਪ-ਚੋਣਾਂ ਜ਼ਰੂਰੀ ਹੋ ਗਈਆਂ ਸਨ। 4 ਵਿਧਾਨ ਸਭਾ ਹਲਕਿਆਂ ’ਚੋਂ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਪਹਿਲਾਂ ਕਾਂਗਰਸ ਦਾ ਕਬਜ਼ਾ ਸੀ ਅਤੇ ਬਰਨਾਲਾ ਸੀਟ ਤੋਂ ‘ਆਪ’ ਵਿਧਾਇਕ ਨੁਮਾਇੰਦਗੀ ਕਰ ਰਹੇ ਸਨ। ਪਾਰਦਰਸ਼ੀ, ਆਜ਼ਾਦਾਨਾ ਅਤੇ ਸ਼ਾਂਤਮਈ ਢੰਗ ਨਾਲ ਵੋਟਿੰਗ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਹਰ ਪੱਖੋਂ ਢੁੱਕਵੇਂ ਇੰਤਜ਼ਾਮ ਕੀਤੇ ਗਏ ਹਨ। ਲੋਕ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਈਨਾਂ ‘ਚ ਲੱਗੇ ਹੋਏ ਹਨ।ਸਵੇਰੇ 11 ਵਜੇ ਤੱਕ 19.4 ਫੀਸਦੀ ਵੋਟਿੰਗ ਹੋਈ।12 ਵਜੇ ਤੱਕ 25.2 ਫੀਸਦੀ ਵੋਟਿੰਗ ਹੋਈ।
ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ। ਪਿਛਲੀਆਂ 3 ਚੋਣਾਂ ਤੋਂ ਕਾਂਗਰਸ ਦੀ ਟਿਕਟ ’ਤੇ ਸੁਖਜਿੰਦਰ ਸਿੰਘ ਰੰਧਾਵਾ ਇਥੋਂ ਚੋਣ ਜਿੱਤਦੇ ਰਹੇ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਕਿਸਮਤ ਅਜ਼ਮਾ ਰਹੇ ਹਨ। ਭਾਜਪਾ ਵੱਲੋਂ ਇਥੇ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀਕਰਨ ਕਾਹਲੋਂ ਅਤੇ ‘ਆਪ’ ਵੱਲੋਂ ਗੁਰਦੀਪ ਰੰਧਾਵਾ ਚੋਣ ਲੜ ਰਹੇ ਹਨ। ਇਸ ਤਰ੍ਹਾਂ ਭਾਜਪਾ ਅਤੇ ‘ਆਪ’ ਦੋਵਾਂ ਲਈ ਹੀ ਇਸ ਸੀਟ ’ਤੇ ਜਿੱਤ ਦਾ ਝੰਡਾ ਲਹਿਰਾਉਣ ਦੀ ਵੱਡੀ ਚੁਣੌਤੀ ਹੈ।