ਚੰਡੀਗੜ੍ਹ—ਸਹਿਕਾਰਤਾ ਵਿਭਾਗ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਐਲਾਨਦਿਆਂ ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਅਤੇ ਪੂੰਜੀ ਵਿਸਥਾਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਖਾਸਕਰ ਵਿੱਤ ਵਿਭਾਗ ਵੱਲੋਂ ਸਹਿਕਾਰਤਾ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹ ਇਥੇ ਟੈਗੋਰ ਭਵਨ ਵਿਖੇ 71ਵੇਂ ਸਰਬ ਭਾਰਤੀ ਸਹਿਕਾਰਤਾ ਹਫਤੇ ਦੇ ਆਖਰੀ ਦਿਨ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਸੂਬੇ ਭਰ ਵਿੱਚ ਫੁਲਕਾਰੀਆਂ ਤਿਆਰ ਕਰਨ ਵਾਲੀਆਂ ਔਰਤਾਂ ਦੇ ਉਤਪਾਦਾਂ ਨੂੰ ਵਿਸਵ ਪੱਧਰੀ ਵਿਕਰੀ ਮੰਚ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਗਏ ਵੈੱਬ ਪੋਰਟਲ ‘ਫੁਲਕਾਰੀ’ ਅਤੇ ਵੇਰਕਾ ਦੇ ਨਵੇਂ ਉਤਪਾਦਾਂ ਨੂੰ ਵੀ ਜਾਰੀ ਕੀਤਾ। ਉਨ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਤਿਆਰ ਕੀਤੀ ਗਈ ਕੌਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਵੀ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਲ 2022 ਵਿੱਚ ਮੌਜੂਦਾ ਸਰਕਾਰ ਦੇ ਗਠਨ ਦੌਰਾਨ ਸ਼ੂਗਰਫੈੱਡ ਦੀਆਂ 400 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਸਨ। ਉਨ੍ਹਾਂ ਕਿਹਾ ਕਿ ਬੀਤੇ 2 ਸਾਲਾਂ ਦੌਰਾਨ ਇਸ ਸੰਸਥਾ ਨੂੰ ਨਾ ਸਿਰਫ ਦੇਣਦਾਰੀਆਂ ਤੋਂ ਮੁਕਤ ਕੀਤਾ ਗਿਆ ਬਲਕਿ ਹੋਰ ਮਜ਼ਬੂਤ ਬਣਾਇਆ ਗਿਆ।
ਕਿਸਾਨਾਂ ਨੂੰ ਸਸਤੀਆਂ ਵਿਆਜ ਦਰਾਂ ‘ਤੇ ਖੇਤੀਬਾੜੀ ਅਤੇ ਹੋਰਨਾਂ ਜ਼ਰੂਰਤਾਂ ਲਈ ਕਰਜਾ ਮੁਹੱਈਆ ਕਰਨ ਲਈ ਸਹਿਕਾਰੀ ਬੈਂਕਾਂ ਦੀ ਸਿਫਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਬੈਂਕਾਂ ਨੂੰ ਹੋਰ ਮਜ਼ਬੂਤ ਅਤੇ ਕਾਰਜ਼ਸ਼ੀਲ ਬਨਾਉਣ ਲਈ ਇੰਨ੍ਹਾਂ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਸਹਿਕਾਰਤਾ ਮੰਤਰੀ ਹੋਣ ਦੌਰਾਨ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਹੁਣ ਤੱਕ 50 ਫੀਸਦੀ ਬੈਂਕਾਂ ਦਾ ਕੰਪਿਊਟਰੀਕਰਨ ਮੁਕੰਮਲ ਹੋ ਚੁੱਕਾ ਹੈ।
ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਮੌਕੇ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸਭਾਵਾਂ, ਫੂਡ ਪ੍ਰੋਸੈਸਿੰਗ ਸਭਾਵਾਂ, ਅਗਾਂਹਵਧੂ ਕਿਸਾਨਾਂ, ਕਿਰਤ ਤੇ ਉਸਾਰੀ ਸਹਿਕਾਰੀ ਸਭਾਵਾਂ, ਸਹਿਕਾਰੀ ਬੈਂਕਾਂ, ਵੇਰਕਾ ਡੇਅਰੀ ਅਤੇ ਖੰਡ ਮਿੱਲਾਂ ਨੂੰ 28 ਵੱਖ-ਵੱਖ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਜਾਇਕਾ ਵੂਮੈਨ ਸੈਲਫ ਹੈਲਪ ਗਰੁੱਪ, ਜਗਰਾਓਂ, ਨਿਊ ਸੋਨਾ ਸੈਲਫ ਹੈਲਪ ਗਰੁੱਪ, ਬਠਿੰਡਾ, ਸ੍ਰੀ ਗੁਰੂ ਅਰਜਨ ਦੇਵ ਵੂਮੈਨ ਸੈਲਫ ਹੈਲਪ ਗਰੁੱਪ, ਸਮਰਾਲਾ, ਫਤਹਿ ਹੈਂਡੀਕਰਾਫਟ ਵੂਮੈਨ ਸੈਲਫ ਹੈਲਪ ਗਰੁੱਪ, ਪਟਿਆਲਾ, ਖਿਜਰਾਬਾਦ ਵੂਮੈਨ ਸੈਲਫ ਹੈਲਪ ਗਰੁੱਪ, ਮੁਹਾਲੀ, ਮਿਲਕਫੈਡ, ਮਾਰਕਫੈਡ ਅਤੇ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਲਾਏ ਗਏ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਉਪਰਾਲੇ ਦੀ ਸਰਾਹਨਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸਹਿਕਾਰਤਾ ਰੀਤੂ ਅਗਰਵਾਲ, ਚੇਅਰਮੈਨ ਪੀਐਸਸੀਬੀ ਜਗਦੇਵ ਸਿੰਘ ਭਮ, ਚੇਅਰਮੈਨ ਐਸ.ਏ.ਡੀ.ਬੀ ਸੁਰੇਸ਼ ਗੋਇਲ, ਚੇਅਰਮੈਨ ਮਿਲਕਫੈੱਡ ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ, ਚੇਅਰਮੈਨ ਸ਼ੂਗਰਫੈੱਡ ਨਵਦੀਪ ਸਿੰਘ ਜੇੜਾ, ਚੇਅਰਮੈਨ ਲੇਬਰਫੈੱਡ ਵਿਸ਼ਵਾਸ ਸੈਣੀ ਅਤੇ ਹਾਊਸਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਵੀ ਹਾਜ਼ਰ ਸਨ।